ਤਰਨ ਤਾਰਨ, 21 ਫਰਵਰੀ (ਇਕਬਾਲ ਸਿੰਘ ਸੋਢੀ)- ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਦੇ ਬੈਨਰ ਹੇਠ ਤਰਨ ਤਾਰਨ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੂੰ ਟੈਟ ਦੇ ਵਿਰੋਧ ਵਿਚ ਭਾਰਤ ਸਰਕਾਰ ਤੱਕ ਗੱਲ ਪਹੁੰਚਾਉਣ ਲਈ ਮੰਗ ਪੱਤਰ ਦਿੱਤਾ ਗਿਆ | ਜਿਸਦੀ ਅਗਵਾਈ ਮਾਸਟਰ ਕੇਡਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ, ਐਲੀਮੈਂਟਰੀ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬੱਬੂ, ਲੈਕਚਰਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਢਿੱਲੋਂ, ਸੁੱਖਵਿੰਦਰ ਸਿੰਘ ਧਾਮੀ, ਰਣਜੀਤ ਸਿੰਘ ਮਲੀਆ ਦੀ ਸਾਂਝੀ ਅਗਵਾਈ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੂੰ 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ਤੇ ਸੁਪਰੀਮ ਕੋਰਟ ਵਲੋਂ ਲਗਾਈ ਗਈ ਲਾਜ਼ਮੀ ਟੈੱਟ ਪਾਸ ਦੀ ਸ਼ਰਤ ਦੇ ਵਿਰੋਧ ਵਿਚ ਮੰਗ ਪੱਤਰ ਕੇਂਦਰੀ ਸਿੱਖਿਆ ਮੰਤਰੀ ਭਾਰਤ ਸਰਕਾਰ ਤੱਕ ਪੁੱਜਦਾ ਕਰਨ ਵਾਸਤੇ ਸੌਂਪਿਆ ਗਿਆ | ਜਥੇਬੰਦੀ ਦੇ ਆਗੂਆਂ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੂੰ ਦੱਸਿਆ ਕਿ ਸੁਪਰੀਮ ਕੋਰਟ ਵਲੋਂ 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ਦਾ ਪੱਖ ਸੁਣੇ ਤੋਂ ਬਗੈਰ ਉਨ੍ਹਾਂ ਖਿਲਾਫ਼ ਤਰੱਕੀਆਂ ਵਿਚ ਅਤੇ ਨੌਕਰੀ ਵਿਚ ਰਹਿਣ ਵਾਸਤੇ ਟੈੱਟ ਪਾਸ ਕਰਨ ਦੀ ਬੇਲੋੜੀ ਸ਼ਰਤ ਲਗਾ ਕੇ ਸਾਰੇ ਅਧਿਆਪਕ ਵਰਗ ਨੂੰ ਮਾਨਸਿਕ ਪਰੇਸ਼ਾਨੀ ਵਿਚ ਪਾ ਦਿੱਤਾ ਹੈ | ਅਧਿਆਪਕਾਂ ਵਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੂੰ ਅਪੀਲ ਕੀਤੀ ਹੈ ਕਿ ਇਸ ਮੰਗ ਪੱਤਰ ਰਾਹੀਂ ਕੇਂਦਰੀ ਸਿੱਖਿਆ ਮੰਤਰੀ ਭਾਰਤ ਸਰਕਾਰ ਨੂੰ ਇਸ ਮਸਲੇ ਦਾ ਹੱਲ ਕੱਢਣ ਵਾਸਤੇ ਅਤੇ 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ਨੂੰ ਰਾਹਤ ਦੇਣ ਵਾਸਤੇ ਅਧਿਆਪਕਾਂ ਦੇ ਹੱਕ ਵਿਚ ਪਾਰਲੀਮੈਂਟ ਵਿਚ ਇਕ ਆਰਡੀਨੈਂਸ ਜਾਰੀ ਕਰਕੇ ਅਧਿਆਪਕਾਂ ਨੂੰ ਰਾਹਤ ਦਿੱਤੀ ਜਾਵੇ | ਮੰਗ ਪੱਤਰ ਸੌਂਪਣ ਸਮੇਂ ਪ੍ਰਤੀਨਿਧੀ ਮੰਡਲ ਵਿਚੋਂ ਰਸ਼ਪਾਲ ਸਿੰਘ, ਦਿਲਬਾਗ ਸਿੰਘ, ਜੁਗਰਾਜ ਸਿੰਘ, ਸੰਦੀਪ ਸਿੰਘ, ਰਾਜਪਾਲ ਸਿੰਘ, ਰਾਜਨ ਕੁਮਾਰ, ਸਤਪਾਲ ਸਿੰਘ, ਗੁਰਲਵਦੀਪ ਸਿੰਘ, ਮਨਜੀਤ ਪਾਰਸ, ਜਸਕਰਨ ਸੰਧੂ, ਪ੍ਰਸ਼ੋਤਮ ਸਿੰਘ ਆਦਿ ਅਧਿਆਪਕ ਸ਼ਾਮਿਲ ਸਨ |