ਬਾਬਾ ਬਕਾਲਾ ਸਾਹਿਬ, 22 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸੀਨੀਅਰ ਆਗੂ ਅਤੇ ਉੱਘੇ ਸਮਾਜ ਸੇਵੀ ਠੇਕੇਦਾਰ ਕੁਲਵਿੰਦਰ ਸਿੰਘ ਕਾਲੀ ਦੌਲੋ ਨੰਗਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਮਾਝੇ ਦੇ ਜਰਨੈਲ, ਸ਼੍ਰੋਮਣੀ ਅਕਾਲੀ ਦਲ ਦੇ ਸਟਾਰ ਪ੍ਰਚਾਰਕ, ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਉਪਰੰਤ ਜਿੱਥੇ ਨਾਲ ਹੱਕ-ਸੱਚ ਦੀ ਜਿੱਤ ਹੋਈ ਹੈ ਅਤੇ ਵਿਰੋਧੀਆਂ ਦੇ ਮਨਸੂਬੇ ਫੇਲ੍ਹ ਹੋ ਗਏ ਹਨ, ਉਥੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀਆਂ ਜਾ ਰਹੀਆਂ ਰਿਕਾਰਡਤੋੜ ਰੈਲੀਆਂ ਵਿਚ ਸ: ਮਜੀਠੀਆ ਵਲੋਂ ਕੀਤੇ ਜਾ ਰਹੇ ਧਾਕੜ ਪ੍ਰਚਾਰ ਨੇ ਸੂਬਾ ਸਰਕਾਰ ਅਤੇ ਵਿਰੋਧੀ ਪਾਰਟੀਆਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ | ਉਨ੍ਹਾਂ ਕਿਹਾ ਕਿ ਸ: ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸਟਾਰ ਪ੍ਰਚਾਰਕ ਹਨ ਅਤੇ ਉਨ੍ਹਾਂ ਵਲੋਂ ਭਗਵੰਤ ਮਾਨ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਸ਼ਰੇਆਮ ਚੌਰਾਹੇ ਭੰਨਿਆ ਜਾ ਰਿਹਾ ਹੈ ਅਤੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਮੁੜ ਤੋਂ ਸੱਤਾ ਵਿਚ ਵੇਖਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸਦਕਾ ਸ: ਮਜੀਠੀਆ ਇਸ ਝੂਠੇ ਕੇਸ ਵਿਚੋਂ ਵੀ ਸੁਰਖਰੂ ਹੋਕੇ ਬਾਹਰ ਨਿਕਲਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ | ਠੇਕੇਦਾਰ ਕਾਲੀ ਦੌਲੋ ਨੰਗਲ ਨੇ ਕਿਹਾ ਕਿ ਸੀ. ਐੱਮ. ਭਗਵੰਤ ਮਾਨ ਵਲੋਂ ਜੋ ਬੀਤੇ ਸਮੇਂ ਦੌਰਾਨ ਡੇਰਾ ਰਾਧਾ ਸੁਆਮੀ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਉਪਰ ਵਿਅੰਗ ਕੱਸਣੇ ਮੰਦਭਾਗਾ ਹੈ ਅਤੇ ਇਹ ਕੋਈ ਸ਼ੋਭਾ ਵਾਲੀ ਗੱਲ ਨਹੀਂ, ਕਿਉਂਕਿ ਸੰਤ ਮਹਾਂਪੁਰਖਾਂ ਦਾ ਰੁਤਬਾ ਬੜਾ ਵੱਡਾ ਹੁੰਦਾ ਹੈ |