ਤਰਨ ਤਾਰਨ, 22 ਫਰਵਰੀ (ਹਰਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਸਰਕਾਰੀ ਖੰਡ ਮਿਲ ਸੇਰੋਂ ਦੀ ਜ਼ਮੀਨ ਉੱਪਰ ਪੰਜਾਬ ਸਰਕਾਰ ਵਲੋਂ ਧੱਕੇ ਨਾਲ ਕੀਤੀ ਜਾ ਰਹੀ ਉਸਾਰੀ ਨੂੰ ਜਥੇਬੰਦਕ ਦਬਾਅ ਅਧੀਨ ਰੁਕਵਾਇਆ ਗਿਆ। ਪਿਛਲੇ ਲੰਮੇ ਸਮੇਂ ਤੋਂ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕਰ ਰਿਹਾ ਸੀ ਕਿ ਸਰਕਾਰੀ ਖੰਡ ਮਿਲ ਸੇਰੋਂ ਦੀ ਜ਼ਮੀਨ ਕਿਸੇ ਕੀਮਤ 'ਤੇ ਵੀ ਕਿਸੇ ਹੋਰ ਦੇ ਨਾਂਅ ਮਾਲਕੀ ਤਬਦੀਲ ਨਾ ਕੀਤੀ ਜਾਵੇ। ਡਿਪਟੀ ਕਮਿਸ਼ਨਰ ਤਰਨ ਤਾਰਨ ਵਲੋਂ ਵਾਰ-ਵਾਰ ਇਹ ਭਰੋਸਾ ਦਿਵਾਇਆ ਜਾਂਦਾ ਰਿਹਾ ਕਿ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਪਰ ਸੰਯੁਕਤ ਮੋਰਚੇ ਦੇ ਦਬਾਅ ਦੇਣ। ਹੁਣ ਜਦੋਂ ਇਹ ਗੱਲ ਸਾਹਮਣੇ ਆਈ ਹੈ ਕਿ ਸਰਕਾਰ ਨੇ ਪਹਿਲਾਂ ਇਹ ਜ਼ਮੀਨ ਫੂਡ ਸਪਲਾਈ ਵਿਭਾਗ ਨੂੰ ਦੇ ਦਿੱਤੀ ਸੀ ਤੇ ਹੁਣ ਨਵੰਬਰ 2025 ਨੂੰ ਕੈਬਨਿਟ ਵਿਚ ਮਤਾ ਪਾਸ ਕਰਕੇ ਇਸ ਦੀ ਇਸ ਨੂੰ ਵੱਖ-ਵੱਖ ਕਈ ਹਿੱਸਿਆਂ ਵਿਚ ਵਾਧੂ ਮਾਲਕੀ ਸਮਝ ਕੇ ਵੰਡ ਦਿੱਤਾ ਗਿਆ ਹੈ। ਕਿਸਾਨ ਜਥੇਬੰਦੀਆਂ ਸ਼ੁਰੂ ਤੋਂ ਹੀ ਸ਼ੂਗਰ ਮਿੱਲ ਸੇਰੋਂ ਨੂੰ ਚਾਲੂ ਕਰਨ ਦੀ ਮੰਗ ਕਰ ਰਹੀਆਂ ਹਨ। ਅੱਜ ਜਿਉਂ ਹੀ ਕਿਸਾਨਾਂ ਦੇ ਧਿਆਨ ਵਿਚ ਆਇਆ ਕਿ ਮਿਲ ਦੀ ਜ਼ਮੀਨ ਵਿਚ ਪੋਕ ਲਾਈਨ ਨਾਲ ਕੋਈ ਉਸਾਰੀ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਤੁਰੰਤ ਜਥੇਬੰਦੀਆਂ ਨੇ ਇਕੱਠ ਕਰਕੇ ਹੋ ਰਹੇ ਇਸ ਉਸਾਰੀ ਨੂੰ ਰੁਕਵਾ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਪ੍ਰਸ਼ਾਸਨ ਇਸ ਤਰ੍ਹਾਂ ਦੇ ਘਟੀਆ ਹੱਥਕੰਡਿਆਂ ਤੋਂ ਬਾਜ ਆਵੇੇ। ਇਹ ਕਿਸਾਨਾਂ ਦੀ ਸੰਪਤੀ ਹੈ ਅਸੀਂ ਕਿਸੇ ਕੀਮਤ 'ਤੇ ਵੀ ਇਸ ਨੂੰ ਵਿਕਣ ਨਹੀਂ ਦਵਾਂਗੇ। ਇਸ ਮੌਕੇ ਗੁਰਸਾਬ ਸਿੰਘ ਡੱਲ ਕਾਦੀਆਂ, ਜੱਸਾ ਸਿੰਘ ਕਦਰ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਟਾਂਡਾ, ਦਲਜੀਤ ਸਿੰਘ ਦਿਆਲਪੁਰ ਜਮਹੂਰੀ ਕਿਸਾਨ ਸਭਾ, ਤਰਸੇਮ ਸਿੰਘ ਕਲਸੀ ਕਿਸਾਨ ਸੰਘਰਸ਼ ਕਮੇਟੀ ਕਲਸੀ, ਗੁਰਬਚਨ ਸਿੰਘ ਘੜਕਾ ਕਿਸਾਨ ਸੰਘਰਸ਼ ਕਮੇਟੀ ਪੰਨੂੰ, ਮੰਨਣ ਬੀ.ਕੇ.ਯੂ. ਉਗਰਾਹਾਂ, ਗੁਰਚਰਨ ਸਿੰਘ ਸਭਰਾ, ਤਰਸੇਮ ਸਿੰਘ ਲੁਹਾਰ ਕੌਮੀ ਕਿਸਾਨ ਯੂਨੀਅਨ, ਸੁਖਚੈਨ ਸਿੰਘ ਸਰਹਾਲੀ, ਸਰਦਾਰਾ ਸਿੰਘ ਸਖੀਰਾ, ਨਛੱਤਰ ਸਿੰਘ ਮੁਗਲਚੱਕ ਕਿਰਤੀ ਕਿਸਾਨ ਯੂਨੀਅਨ, ਭੁਪਿੰਦਰ ਸਿੰਘ ਪੰਡੋਰੀ ਤਖਤਮੱਲ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਆਜ਼ਾਦ ਏਕਤਾ, ਅਜੀਤ ਸਿੰਘ ਚੰਬਾ ਬੀ.ਕੇ.ਯੂ. ਰਾਜੇਵਾਲ, ਗੁਰਪ੍ਰੀਤ ਸਿੰਘ ਗੰਡੀਵਿੰਡ ਕੁੱਲ ਹਿੰਦ ਕਿਸਾਨ ਸਭਾ, ਮਨਜੀਤ ਸਿੰਘ ਬੱਗੂ ਜਮਹੂਰੀ ਕਿਸਾਨ ਸਭਾ, ਅਵਤਾਰ ਸਿੰਘ ਪੀ.ਪੀ.ਸੀ.ਐਲ., ਅਮੋਲਕ ਸਿੰਘ, ਦਲਜੀਤ ਸਿੰਘ ਜਵੰਦਾ ਵਾਰਿਸ ਪੰਜਾਬ ਦੇ ਅਤੇ ਹੋਰ ਕਈ ਬੁਲਾਰਿਆਂ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕੀਤੇ ।
ਸ਼ੂਗਰ ਮਿੱਲ ਸੇਰੋਂ ਵਿਚ ਸਰਕਾਰ ਵਲੋਂ ਜਾਰੀ ਉਸਾਰੀ ਰੁਕਵਾਈ ਗਈ-ਸੰਯੁਕਤ ਕਿਸਾਨ ਮੋਰਚਾ
ਅਜੀਤ ਡੈਸਕ
23-02-2026