ਸਰਹਾਲੀ ਕਲਾਂ, 25 ਫਰਵਰੀ (ਅਜੇ ਸਿੰਘ ਹੁੰਦਲ)-ਮੁੱਖ ਖੇਤੀਬਾੜੀ ਅਫਸਰ ਡਾ. ਤੇਜਬੀਰ ਸਿੰਘ ਭੰਗੂ ਅਤੇ ਪ੍ਰੋਜੈਕਟ ਡਾਇਰੈਕਟਰ ਡਾ. ਵਿਕਰਮ ਸੂਦ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਅਮਰਦੀਪ ਸਿੰਘ ਦੀ ਅਗਵਾਈ ਹੇਠ ਟੀਮ ਨੇ ਪਿੰਡ ਸਰਹਾਲੀ ਕਲਾਂ ਦੇ ਪ੍ਰਗਤੀਸ਼ੀਲ ਕਿਸਾਨ ਸੁਖਬੀਰ ਸਿੰਘ ਪੁੱਤਰ ਮਿਲਖਾ ਸਿੰਘ ਦੇ ਫਾਰਮ ਦਾ ਦੌਰਾ ਕੀਤਾ ਗਿਆ | ਇਸ ਮੌਕੇ ਸਹਾਇਕ ਤਕਨੀਕੀ ਮੈਨੇਜ਼ਰ ਗੁਰਨਿਸ਼ਾਨ ਸਿੰਘ ਅਤੇ ਅਸ਼ਵਨੀ ਕੁਮਾਰ ਵੀ ਹਾਜ਼ਰ ਸਨ | ਦੌਰੇ ਦੌਰਾਨ ਜਾਣਕਾਰੀ ਦਿੰਦਿਆਂ ਡਾ. ਅਮਨਦੀਪ ਸਿੰਘ ਨੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਨਾਉਣ 'ਤੇ ਜੋਰ ਦਿੱਤਾ | ਉਨ੍ਹਾਂ ਦੱਸਿਆ ਕਿ ਸਰਹਾਲੀ ਦੇ ਕਿਸਾਨ ਸੁਖਬੀਰ ਸਿੰਘ ਨੇ ਰਿਵਾਇਤੀ ਖੇਤੀ ਦੇ ਨਾਲ-ਨਾਲ ਫਸਲੀ ਵਿਭਿੰਨਤਾ ਅਤੇ ਸਹਾਇਕ ਧੰਦੇ ਅਪਣਾ ਕੇ ਘੱਟ ਜ਼ਮੀਨ ਵਿਚ ਵੱਧ ਮੁਨਾਫ਼ਾ ਕਮਾਉਣ ਦਾ ਸਫਲ ਮਾਡਲ ਤਿਆਰ ਕੀਤਾ ਹੈ | ਫਸਲੀ ਵਿਭਿੰਨਤਾ ਰਾਹੀਂ ਸੁਖਬੀਰ ਸਿੰਘ ਨੇ 1 ਏਕੜ ਵਿਚ ਹਲਦੀ (ਕਿਸਮ ਪੰਜਾਬ-2), 1.5 ਏਕੜ ਵਿਚ ਸਰੋਂ (ਕਿਸਮ ਕਨੋਲਾ) ਅਤੇ 0.5 ਏਕੜ ਵਿੱਚ ਦੇਸੀ ਲਸਣ ਦੀ ਕਾਸ਼ਤ ਕੀਤੀ ਹੈ | ਉੱਚ ਗੁਣਵੱਤਾ ਅਤੇ ਵਧੀਆ ਪ੍ਰਬੰਧਨ ਕਾਰਨ ਉਨ੍ਹਾਂ ਨੂੰ ਬਾਜ਼ਾਰ ਵਿਚ ਚੰਗੀ ਕੀਮਤ ਪ੍ਰਾਪਤ ਹੋ ਰਹੀ ਹੈ | ਨਾਲ ਹੀ ਕਿਸਾਨ ਨੇ 3 ਏਕੜ ਵਿੱਚ ਬਾਗਬਾਨੀ ਨੂੰ ਅਪਣਾਇਆ ਹੋਇਆ ਹੈ, ਜਿਸ ਵਿੱਚ 300 ਬੂਟੇ ਮੌਸਮੀ (ਥਾਈ ਕਿਸਮ), 200 ਬੂਟੇ ਅਮਰੂਦ (ਤਾਇਵਾਨ ਪਿੰਕ), 50 ਬੂਟੇ ਅਨਾਰ (ਭਗਵਾ ਕਿਸਮ) ਅਤੇ 100 ਬੂਟੇ ਨਿੰਬੂ (ਕਾਗਜ਼ੀ ਬਾਰਾਮਾਸੀ) ਸ਼ਾਮਿਲ ਹਨ | ਇਸ ਤੋਂ ਇਲਾਵਾ 1 ਏਕੜ ਵਿੱਚ ਰੈੱਡ ਐਪਲ ਬੇਰੀ ਦੀ ਕਾਸ਼ਤ ਕਰਕੇ ਨਵੀਂ ਫਸਲਾਂ ਵੱਲ ਵੀ ਕਦਮ ਵਧਾਇਆ ਗਿਆ ਹੈ | ਸਹਾਇਕ ਧੰਦੇ ਵਜੋਂ ਸੁਖਬੀਰ ਸਿੰਘ ਨੇ 2 ਬੈੱਡਾਂ 'ਤੇ ਢੀਂਗਰੀ (ਮਸ਼ਰੂਮ) ਦੀ ਕਾਸ਼ਤ ਸ਼ੁਰੂ ਕੀਤੀ ਹੈ, ਜੋ ਘੱਟ ਲਾਗਤ ਅਤੇ ਘੱਟ ਸਥਾਨ ਨਾਲ ਵਧੀਆ ਆਮਦਨ ਦਾ ਸਰੋਤ ਬਣ ਰਹੀ ਹੈ | ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਸੁਖਬੀਰ ਸਿੰਘ ਵਰਗੇ ਉੱਦਮੀ ਕਿਸਾਨ ਹੋਰਾਂ ਲਈ ਪ੍ਰੇਰਣਾ ਸਰੋਤ ਹਨ | ਫਸਲੀ ਵਿਭਿੰਨਤਾ, ਬਾਗਬਾਨੀ ਅਤੇ ਸਹਾਇਕ ਧੰਦਿਆਂ ਰਾਹੀਂ ਕਿਸਾਨ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ ਅਤੇ ਖੇਤੀ ਨੂੰ ਲਾਭਕਾਰੀ ਬਣਾ ਸਕਦੇ ਹਨ | ਅੰਤ ਵਿੱਚ, ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਰਵਾਇਤੀ ਫਸਲ ਚੱਕਰ ਤੋਂ ਇਲਾਵਾ ਨਵੀਂ ਤਕਨੀਕਾਂ ਅਤੇ ਵਿਭਿੰਨ ਖੇਤੀ ਮਾਡਲ ਅਪਣਾ ਕੇ ਖੇਤੀ ਵਿੱਚ ਤਰੱਕੀ ਕਰਣ |