ਮੀਆਂਵਿੰਡ, 6 ਮਾਰਚ (ਸੰਧੂ)-ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਦੇ ਗ੍ਰਹਿ ਵਿਖੇ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ 2 ਦੀ ਸੰਗਠਨ ਮੀਟਿੰਗ ਹੋਈ | ਇਹ ਮੀਟਿੰਗ ਇਕ ਰੈਲੀ ਦਾ ਰੂਪ ਧਾਰਨ ਕਰ ਗਈ | ਇਸ ਮੀਟਿੰਗ ਵਿਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਪਾਰਟੀ ਦੇ ਜਰਨਲ ਸਕੱਤਰ ਜਗਮੋਹਨ ਸਿੰਘ ਰਾਜੂ ਅਤੇ ਹੋਰ ਸੀਨੀਅਰ ਆਗੂ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਇਨ੍ਹਾਂ ਆਗੂਆਂ ਵਲੋਂ ਆਪਣੇ ਸੰਬੋਧਨ ਵਿਚ ਕਿਹਾ ਕਿ 14 ਮਾਰਚ ਨੂੰ ਮੋਗਾ ਵਿਖੇ ਕਰਵਾਈ ਜਾ ਰਹੀ 'ਬਦਲਾਅ' ਰੈਲੀ ਪੰਜਾਬ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਰੈਲੀ ਹੋਵੇਗੀ | ਇਸ ਰੈਲੀ ਨੂੰ ਸੰਬੋਧਨ ਕਰਨ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਆ ਰਹੇ ਹਨ ਜੋ ਪੰਜਾਬ ਵਾਸੀਆਂ ਲਈ ਵੱਡੇ ਐਲਾਨ ਕਰਨਗੇ | ਆਪਣੇ ਸੰਬੋਧਨ 'ਚ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿਚ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਹਨ, ਸ਼ਰੇਆਮ ਕਤਲ ਕੀਤੇ ਜਾ ਰਹੇ ਹਨ, ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ, ਲੋਕਾਂ ਨੂੰ ਘਰਾਂ ਵਿਚ ਬੰਧਕ ਬਣਾ ਕੇ ਲੁੱਟਿਆ ਜਾ ਰਿਹਾ ਹੈ, ਪਰ ਸਰਕਾਰ ਇਸ 'ਤੇ ਕਾਬੂ ਪਾਉਣ ਤੋਂ ਅਸਮਰਥ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਯੂ.ਪੀ. ਦੀ ਤਰ੍ਹਾਂ ਸੂਬੇ ਵਿਚ ਗੈਂਗਸਟਰ ਖਤਮ ਹੋਣ 'ਤੇ ਪੰਜਾਬ ਦੇ ਕਿਸਾਨ ਅਤੇ ਜਨਤਾ ਖੁਸ਼ਹਾਲ ਹੋਵੇ ਤਾਂ ਭਾਜਪਾ ਨੂੰ ਸੱਤਾ ਵਿਚ ਲਿਆਉਣਾ ਜ਼ਰੂਰੀ ਹੈ | ਇਸ ਮੌਕੇ ਸੰਬੋਧਨ ਕਰਦਿਆਂ ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਿੱਥੇ ਕਿਸਾਨਾਂ ਨੂੰ ਐਮ.ਐਸ.ਪੀ. 'ਤੇ ਫ਼ਸਲ ਖਰੀਦਣ ਅਤੇ ਬੀਬੀਆਂ ਨੂੰ ਇਕ ਹਜ਼ਾਰ ਹਰ ਮਹੀਨੇ ਦੇਣ ਦਾ ਵਾਅਦਾ ਕੀਤਾ ਸੀ, ਪਰ ਉਹ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕੀ, ਪਰ ਵੇਖਿਆ ਜਾਵੇ ਤਾਂ ਆਪਣੇ ਗੁਆਂਢੀ ਸੂਬੇ ਹਰਿਆਣਾ ਵਿਚ ਕਿਸਾਨਾਂ ਦੀ ਹਰੇਕ ਫ਼ਸਲ ਐਮ.ਐਸ.ਪੀ. ਉੱਤੇ ਖ੍ਰੀਦੀ ਜਾ ਰਹੀ ਹੈ, ਹਰ ਮਹੀਨੇ ਤਿੰਨ ਹਜ਼ਾਰ ਰੁਪਏ ਪੈਨਸ਼ਨ ਅਤੇ ਹੋਰ ਬਹੁਤ ਸਾਰੀਆਂ ਵੱਡੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਅੱਜ ਦਾ ਇਕੱਠ ਸਾਬਤ ਕਰਦਾ ਹੈ ਕਿ ਲੋਕ ਭਾਜਪਾ ਨੂੰ ਸੱਤਾ ਸੌਂਪਣ ਦਾ ਫ਼ੈਸਲਾ ਕਰ ਚੁੱਕੇ ਹਨ | ਉਨ੍ਹਾਂ ਪਾਰਟੀ ਪ੍ਰਧਾਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਿੱਥੇ ਉਨ੍ਹਾਂ ਦੀ ਡਿਊਟੀ ਲਗਾਉਣਗੇ, ਉਹ ਉਸਨੂੰ ਪੂਰੀ ਤਰ੍ਹਾਂ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਮੰਨਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਅਸ਼ਵਨੀ ਸ਼ਰਮਾ, ਜਗਮੋਹਨ ਸਿੰਘ ਰਾਜੂ ਅਤੇ ਹੋਰ ਆਗੂਆਂ ਨੂੰ ਸਿਰੋਪਾਓ, ਕਿਰਪਾਨ ਅਤੇ ਲੋਈਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਪ੍ਰਭਜੋਤ ਸਿੰਘ ਨਾਗੋਕੇ ਵਲੋਂ ਨਿਭਾਈ ਗਈ | ਇਸ ਮੌਕੇ ਸੂਰਜ ਭਾਰਦਵਾਜ ਜਰਨਲ ਸਕੱਤਰ ਪੰਜਾਬ ਭਾਜਪਾ, ਪ੍ਰਦੀਪ ਭੁੱਲਰ ਮਜੀਠਾ, ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਜ਼ਿਲ੍ਹਾ ਮੀਤ ਪ੍ਰਧਾਨ ਅਤੇ ਮੁੱਖ ਬੁਲਾਰਾ ਅਮਰਪਾਲ ਸਿੰਘ ਖਹਿਰਾ, ਜ਼ਿਲ੍ਹਾ ਮਹਾਂ ਮੰਤਰੀ ਰਜੇਸ਼ ਟਾਂਗਰੀ, ਜਸਵੰਤ ਸਿੰਘ ਡਿੰਪੀ ਮੀਆਂਵਿੰਡ, ਅਤੁਲ ਜੈਨ ਪੱਟੀ, ਕੁਲਵੰਤ ਸਿੰਘ ਭੈਲ, ਸਰਕਲ ਪ੍ਰਧਾਨ ਸਰਬਰਿੰਦਰ ਸਿੰਘ ਬੌਬੀ ਬੋਦੇਵਾਲ, ਸਰਕਲ ਪ੍ਰਧਾਨ ਕਰਮ ਸਿੰਘ ਖਲਚੀਆਂ, ਸਰਕਲ ਪ੍ਰਧਾਨ ਕੈਪਟਨ ਜਸਪਾਲ ਸਿੰਘ ਤਖਤੂਚੱਕ, ਸਰਕਲ ਪ੍ਰਧਾਨ ਰਜੇਸ਼ ਕੁਮਾਰ ਰਈਆ, ਸਰਕਲ ਪ੍ਰਧਾਨ ਲਾਟ ਬਿਆਸ, ਸਾਬਕਾ ਸਰਪੰਚ ਗੁਰਦੇਵ ਸਿੰਘ ਜਲਾਲਾਬਾਦ, ਰਵੀ ਟਪਿਆਲਾ, ਪਿੰਦਰ ਦੌਲੋਨੰਗਲ, ਜਸ ਭੋਰਸੀ, ਬਲਜੀਤ ਸਿੰਘ ਬਿਆਸ, ਸਾਬਕਾ ਸਰਪੰਚ ਤਰਲੋਕ ਸਿੰਘ ਜਵੰਦਪੁਰ, ਚੌਧਰੀ ਹਰਭਜਨ ਸਿੰਘ ਆਦਿ ਸਮੇਤ ਸੈਂਕੜਿਆਂ ਦੀ ਗਿਣਤੀ ਵਿਚ ਭਾਜਪਾ ਵਰਕਰ ਤੇ ਸਪੋਟਰ ਹਾਜ਼ਰ ਸਨ |