ਸਨਅਤੀ ਕੰਪਲੈਕਸ ਗੋਇੰਦਵਾਲ ਸਾਹਿਬ ਦੀ ਗਰੀਨ ਪੱਟੀ ਨੇ ਧਾਰਿਆ ਛੱਪੜ ਦਾ ਰੂਪ
ਅਜੀਤ ਡੈਸਕ
11-03-2026
ਗੋਇੰਦਵਾਲ ਸਾਹਿਬ, 10 ਮਾਰਚ- ਸਾਬਕਾ ਕੇਂਦਰੀ ਮੰਤਰੀ ਚਰਨਜੀਤ ਸਿੰਘ ਚਾਨਣਾ ਵਲੋਂ ਗੋਇੰਦਵਾਲ ਸਾਹਿਬ ਵਿਖੇ ਭਾਰਤ ਦਾ ਪਹਿਲਾ ਨਿਊਕਲੀਅਸ ਕੇਂਦਰ ਸਥਾਪਿਤ ਕੀਤਾ ਗਿਆ ਸੀ | ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵਲੋਂ ਕਰੋੜਾਂ ਦੇ ਵੱਡੇ ਪ੍ਰਾਜੈਕਟ ਲਗਾਉਣ ਦੇ ਨੀਂਹ ਪੱਥਰ ਵੀ ਰੱਖੇ ਗਏ ਪਰ ਪ੍ਰਾਜੈਕਟ ਕੋਈ ਵੀ ਨੇਪਰੇ ਨਾ ਚੜਿ੍ਹਆ | ਇਸ ਦੇ ਬਾਵਜੂਦ ਛੋਟੇ ਕਾਰਖਾਨੇ ਵੱਡੀ ਤਾਦਾਦ 'ਚ ਲਗਾਏ ਗਏ | ਕੁਝ ਕਾਰਖਾਨੇ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਫੇਲ੍ਹ ਹੋ ਗਏ ਪਰ ਅੱਜ ਵੀ ਕਈ ਕਾਰਖਾਨੇ ਚੱਲ ਰਹੇ ਹਨ ਅਤੇ ਲੋਕ ਰਿਹਾਇਸ਼ੀ ਮਕਾਨਾਂ 'ਚ ਜੀਵਨ ਬਸਰ ਕਰ ਰਹੇ ਹਨ | ਇਸ ਕੰਪਲੈਕਸ ਦਾ ਬਹੁਤ ਵੱਡਾ ਖੇਤਰਫ਼ਲ ਹੋਣ ਕਾਰਨ ਤੇ ਕਾਰਖਾਨੇ 'ਚੋਂ ਜ਼ਹਿਰੀਲਾ ਧੂੰਆਂ ਵਾਤਾਵਰਨ ਨੂੰ ਖ਼ਰਾਬ ਨਾ ਕਰ ਸਕੇ ਇਸ ਕਰਕੇ ਸਰਕਾਰ ਨੇ ਰੁੱਖ ਲਗਾਉਣ ਲਈ ਲਗਪਗ 18 ਏਕੜ ਜ਼ਮੀਨ ਗਰੀਨ ਪੱਟੀ ਲਈ ਛੱਡੀ, ਜਿਸ ਵਿਚ ਸਫ਼ੈਦੇ ਲਗਾਏ ਗਏ, ਜਦੋਂ ਉਹ ਵੱਡੇ ਦਰਖ਼ਤ ਬਣ ਗਏ ਤਾਂ ਮਹਿਕਮੇਂ ਵਲੋਂ ਉਸਦੀ ਕਟਾਈ ਕੀਤੀ ਗਈ | ਉਸ ਤੋਂ ਬਾਅਦ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਦੇ ਅਧਿਕਾਰੀਆਂ ਅਤੇ ਨਾ ਕਿਸੇ ਸਰਕਾਰ ਨੇ ਇਸ ਗਰੀਨ ਪੱਟੀ ਦੀ ਸਾਰ ਲਈ | ਮਹਿਕਮਾ ਪਾਣੀ ਤੇ ਸੀਵਰੇਜ ਦੇ ਪੂਰੇ ਬਿੱਲ ਵਸੂਲਦਾ ਹੈ ਪਰ ਸੀਵਰਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗਰੀਨ ਪੱਟੀ ਨੇ ਛੱਪੜ ਦਾ ਰੂਪ ਧਾਰ ਕੇ ਜਿੱਥੇ ਵਾਤਾਵਰਨ ਨੂੰ ਖ਼ਰਾਬ ਕਰ ਰਹੀ ਹੈ, ਉੱਥੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ | ਇਸ ਫੋਕਲ ਪੁਆਇੰਟ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਟਰੀਟਮੈਂਟ ਪਲਾਟ ਤਾਂ ਬਣਿਆ ਹੈ ਪਰ ਕੰਪਲੈਕਸ ਦਾ ਪਾਣੀ ਹਾਲੇ ਤੱਕ ਉੱਥੇ ਪਹੁੰਚ ਨਹੀਂ ਸਕਿਆ | ਸਨਅਤਕਾਰਾਂ ਨੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਕੀਤੀ ਕਿ ਇਸ ਗਰੀਨ ਪੱਟੀ ਨੂੰ ਵਾਤਾਵਰਨ ਪ੍ਰੇਮੀ ਬਾਬਾ ਸੇਵਾ ਸਿੰਘ ਵਲੋਂ ਗੋਦ ਲਿਆ ਜਾਵੇ ਤਾਂ ਜੋ ਬਾਬਾ ਜੀ ਵਲੋਂ ਮਿੰਨੀ ਜੰਗਲ ਲਗਾ ਕੇ ਵੱਧ ਰਹੇ ਕਾਰਖਾਨਿਆਂ ਦੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ | ਸਅਨਤਕਾਰਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੋਂ ਬਾਅਦ ਝੂਠੇ ਸੁਪਨੇ ਦਿਖਾ ਕੇ ਸੱਤਾ 'ਚ ਆਈ 'ਆਪ' ਸਰਕਾਰ ਦੀ ਕਾਰਗੁਜ਼ਾਰੀ ਵੀ ਢਿੱਲੀ ਦਿਖਾਈ ਦੇ ਰਹੀ ਹੈ |
ਕੀ ਕਹਿਣਾ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਔਲਖ ਦਾ
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਨੇ ਗੋਇੰਦਵਾਲ ਸਾਹਿਬ ਵਿਖੇ ਬਣੇ ਇੰਡਸਟਰੀ ਕੰਪਲੈਕਸ ਵਿਚ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਸਤੇ ਬਣਾਈ ਗ਼ਰੀਨ ਪੱਟੀ ਨੂੰ ਸਰਕਾਰ ਵਲੋਂ ਨਜ਼ਰ ਅੰਦਾਜ਼ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਅੱਜ ਸਮੁੱਚਾ ਵਿਸ਼ਵ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸੰਘਰਸ਼ ਕਰ ਰਿਹਾ ਹੈ ਪਰ ਪੰਜਾਬ ਸਰਕਾਰ ਅਤੇ ਉਦਯੋਗ ਵਿਭਾਗ ਗੂੜ੍ਹੀ ਨੀਂਦ ਸੁੱਤਾ ਪਿਆ ਹੈ | ਉਨ੍ਹਾਂ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਪ੍ਰਾਜੈਕਟ ਨੂੰ ਆਪਣੇ ਹੱਥਾਂ ਵਿਚ ਲੈ ਕੇ ਬੂਟੇ ਲਗਾਉਣ ਤਾਂ ਜੋ ਵਾਤਾਵਰਨ ਨੂੰ ਬਚਾਇਆ ਜਾ ਸਕੇ |
ਕੀ ਕਹਿਣਾ ਗੋਇੰਦਵਾਲ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਭਰੋਵਾਲ ਦਾ
ਗੋਇਦਵਾਲ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਨੇ ਕਿਹਾ ਕਿ ਗੋਇੰਦਵਾਲ ਸਾਹਿਬ ਇਕ ਇਤਿਹਾਸਕ ਨਗਰ ਹੈ, ਸਨਅਤੀ ਨਜ਼ਰੀਏ ਨਾਲ ਨਿਰੋਲ ਪੇਂਡੂ ਇੰਡਸਟਰੀਆ ਖੇਤਰ ਹੈ, ਜਿੱਥੇ ਸਨਅਤਕਾਰਾਂ ਨੂੰ ਹਰੇਕ ਚੀਜ਼ ਦੀ ਖ਼ਰੀਦੋ-ਫਰੋਖਤ ਲਈ ਅੰਮਿ੍ਤਸਰ ਤੇ ਜਲੰਧਰ ਜਾਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਤੇ ਦੂਜਾ ਇਸ ਖ਼ੇਤਰ ਦਾ ਮੁੱਖ ਮਾਰਗਾਂ ਤੋਂ ਇਕ ਪਾਸੇ 'ਤੇ ਹੋਣ ਕਾਰਨ ਖ਼ਰੀਦ-ਵੇਚ ਦੇ ਵਪਾਰੀ ਵੀ ਵਿਕਸ਼ਿਤ ਸ਼ਹਿਰਾਂ ਦੇ ਉਦਯੋਗਾਂ ਤੋਂ ਮਾਲ ਖ਼ਰੀਦਣ ਨੂੰ ਪਹਿਲ ਦਿੰਦੇ ਹਨ | ਸਮੇਂ-ਸਮੇਂ ਆਉਂਦੀਆਂ ਮੁਸ਼ਕਿਲਾਂ ਨੂੰ ਅਕਾਲੀ ਸਰਕਾਰ ਵੇਲੇ ਦੇ ਮੁੱਖ ਮੰਤਰੀ ਖ਼ੁਦ ਸੁਣਦੇ ਰਹੇ ਤੇ ਕਾਂਗਰਸ ਸਰਕਾਰ ਵੇਲੇ ਵਿਸ਼ੇਸ਼ ਪਿ੍ੰਸੀਪਲ ਸਕੱਤਰ ਸੁਰੇਸ਼ ਕੁਮਾਰ ਐਸੋਸੀਏਸ਼ਨ ਨਾਲ ਮੀਟਿੰਗ ਕਰ ਮਸਲੇ ਹੱਲ ਕਰਵਾ ਦਿੰਦੇ ਸੀ | ਸੱਤਾ ਵਿਚ ਆਈ 'ਆਪ' ਸਰਕਾਰ ਨੇ ਇਸ ਫੋਕਲ ਪੁਆਇੰਟ ਦੀ ਕੋਈ ਸਾਰ ਨਹੀਂ ਲਈ |