ਅਜਨਾਲਾ, 11 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਸਾਰੀਆਂ ਪ੍ਰਸ਼ਾਸਨਿਕ ਸਹੂਲਤਾਂ ਇਕੋ ਛੱਤ ਹੇਠ ਦੇਣ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਸਮੇਂ-ਸਮੇਂ 'ਤੇ ਨਿਰਦੇਸ਼ ਦਿੱਤੇ ਜਾਂਦੇ ਹਨ ਤੇ ਦਾਅਵੇ ਵੀ ਕੀਤੇ ਜਾਂਦੇ ਹਨ, ਪਰ ਅਜਨਾਲਾ ਖੇਤਰ ਦੇ ਲੋਕਾਂ ਨੂੰ ਫਰਦ ਕੇਂਦਰ ਅਜਨਾਲਾ ਤੋਂ ਫ਼ਰਦਾਂ ਲੈਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਫ਼ਰਦ ਕੇਂਦਰ ਦੀ ਪਿ੍ੰਟਿੰਗ ਮਸ਼ੀਨ ਖ਼ਰਾਬ ਹੋਣ ਕਾਰਨ ਫ਼ਰਦਾਂ ਨਹੀਂ ਨਿਕਲ ਰਹੀਆਂ | ਤਹਿਸੀਲ ਕੰਪਲੈਕਸ ਅੰਦਰ ਫ਼ਰਦਾਂ ਲੈਣ ਆਏ ਸਰਬਜੀਤ ਸਿੰਘ ਇਬਰਾਹਿਮਪੁਰਾ ਨੇ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਫ਼ਰਦ ਲੈਣ ਲਈ ਆ ਰਿਹਾ ਹਾਂ ਪਰ ਹੁਣ ਤੱਕ ਫ਼ਰਦ ਨਹੀਂ ਮਿਲੀ, ਉਨ੍ਹਾਂ ਦੱਸਿਆ ਕਿ ਜਦੋਂ ਫ਼ਰਦ ਨਾ ਮਿਲਣ ਸੰਬੰਧੀ ਸੰਬੰਧਿਤ ਆਪ੍ਰੇਟਰ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਸ ਦਾ ਇਕ ਹੀ ਜਵਾਬ ਹੁੰਦਾ ਹੈ ਕਿ ਪਿ੍ੰਟ ਕੱਢਣ ਵਾਲੀ ਮਸ਼ੀਨ ਖ਼ਰਾਬ ਹੈ | ਇਸੇ ਤਰ੍ਹਾਂ ਇਕ ਹੋਰ ਕਿਸਾਨ ਤਰਸੇਮ ਸਿੰਘ ਨੇ ਦੱਸਿਆ ਕਿ ਫ਼ਰਦ ਕੱਢਣ ਵਾਲੀ ਮਸ਼ੀਨ ਖ਼ਰਾਬ ਹੋਣ ਕਾਰਨ ਉਨ੍ਹਾਂ ਸਮੇਤ ਹੋਰਨਾਂ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸੰਬੰਧਿਤ ਅਧਿਕਾਰੀਆਂ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ | ਉਨ੍ਹਾਂ ਦੱਸਿਆ ਕਿ ਫ਼ਰਦਾਂ ਨਾ ਮਿਲਣ ਕਾਰਨ ਸਾਡੇ ਕਈ ਸਰਕਾਰੀ ਕੰਮ ਰੁਕ ਗਏ ਹਨ, ਇਸ ਮੌਕੇ ਸਰਬਜੀਤ ਸਿੰਘ ਅਤੇ ਤਰਸੇਮ ਸਿੰਘ ਨੇ ਡਿਪਟੀ ਕਮਿਸ਼ਨਰ ਅੰਮਿ੍ਤਸਰ ਅਤੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਤੁਰੰਤ ਫ਼ਰਦ ਕੇਂਦਰ ਵਿਚ ਨਵੀਂ ਪਿ੍ੰਟਿੰਗ ਮਸ਼ੀਨ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਫ਼ਰਦ ਲੈਣ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਉਧਰ ਜਦੋਂ ਫ਼ਰਦ ਕੇਂਦਰ ਵਿਚ ਕੰਮ ਕਰਨ ਵਾਲੇ ਆਪ੍ਰੇਟਰ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਪਿ੍ੰਟਿੰਗ ਮਸ਼ੀਨ ਖ਼ਰਾਬ ਹੋਣ ਕਾਰਨ ਸਮੱਸਿਆ ਆ ਰਹੀ ਹੈ, ਜਿਸ ਸੰਬੰਧ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਹੈ |