ਤਰਨ ਤਾਰਨ, 27 ਮਾਰਚ (ਹਰਿੰਦਰ ਸਿੰਘ)-ਸੜਕ ਪਾਰ ਕਰ ਰਹੀ ਇਕ ਔਰਤ ਨੂੰ ਤੇਜ਼ ਰਫਤਾਰ ਗੱਡੀ ਚਾਲਕ ਨੇ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਔਰਤ ਦੇ ਗੰਭੀਰ ਸੱਟਾਂ ਲੱਗਣ ਕਾਰਨ ਉਹ ਜ਼ਖਮੀ ਹੋ ਗਈ ਅਤੇ ਕਾਰ ਚਾਲਕ ਮੌਕੇ ਤੋਂ ਗੱਡੀ ਭਜਾ ਕੇ ਫਰਾਰ ਹੋ ਗਿਆ | ਥਾਣਾ ਸਰਹਾਲੀ ਵਿਖੇ ਕੁਲਵਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਠੱਠੀਆ ਮਹੰਤਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ 22 ਮਾਰਚ ਸ਼ਾਮ ਨੂੰ ਉਹ ਅੱਡਾ ਠੱਠੀਆਂ ਮਹੰਤਾਂ ਤੋਂ ਦੁੱਧ ਲੈ ਕੇ ਮੇਨ ਹਾਈਵੇ ਚੁਰਸਤਾ ਪਰ ਕਰ ਰਹੀ ਸੀ ਕਿ ਨੇੜੇ ਸਰਕਾਰੀ ਸਕੂਲ਼ ਠੱਠੀਆਂ ਮਹੰਤਾਂ ਤਰਨ ਤਾਰਨ ਵਾਲੀ ਸਾਈਡ ਇਕ ਅਣਪਛਾਤੀ ਗੱਡੀ ਤੇਜ਼ ਰਫ਼ਤਾਰ ਆ ਰਹੀ ਸੀ, ਜਿਸ ਨੇ ਉਸ ਨੂੰ ਟੱਕਰ ਮਾਰੀ | ਘਟਨਾ ਸਮੇਂ ਗੱਡੀ ਦੀ ਨੰਬਰ ਪਲੇਟ ਉਥੇ ਹੀ ਡਿੱਗ ਪਈ, ਜਿਸ ਦਾ ਨੰਬਰ ਐੱਚ.ਆਰ-14-ਕੇ-6473 ਹੈ ਅਤੇ ਟੱਕਰ ਵੱਜਣ ਕਰਕੇ ਉਹ ਸੜਕ 'ਤੇ ਡਿੱਗ ਪਈ ਅਤੇ ਉਸ ਨੂੰ ਜਿਆਦਾ ਸੱਟਾਂ ਲੱਗਣ ਕਰਕੇ ਲੋਕਾਂ ਵਲੋਂ ਸਿਵਲ ਹਸਪਤਾਲ ਤਰਨ ਤਾਰਨ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਅਮਨਦੀਪ ਹਸਪਤਾਲ ਅੰਮਿ੍ਤਸਰ ਰੈਫਰ ਕਰ ਦਿੱਤਾ, ਜਿੱਥੇ ਉਸਦੇ ਪਰਿਵਾਰਕ ਮੈਂਬਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਦਾਖਲ ਕਰਵਾ ਦਿੱਤਾ, ਜਿਥੇ ਉਸਦਾ ਇਲਾਜ ਚੱਲ ਰਿਹਾ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਸੇਵਕ ਸਿੰਘ ਨੇ ਦੱਸਿਆ ਕਿ ਗੱਡੀ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |