ਝਬਾਲ, 4 ਅਪ੍ਰੈਲ (ਸੁਖਦੇਵ ਸਿੰਘ)- ਮੀਂਹ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ | ਪਿਛਲੇ ਦਿਨਾਂ'ਚ ਬਾਰਿਸ਼, ਗੜ੍ਹੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਖੇਤਾਂ ਵਿਚ ਖੜ੍ਹੀ ਕਣਕ ਦੀ ਫ਼ਸਲ ਜ਼ਮੀਨ 'ਤੇ ਵਿਛ ਗਈ ਹੈ | ਅਚਾਨਕ ਮੌਸਮੀ ਤਬਦੀਲੀ ਕਾਰਨ ਕਿਸਾਨਾਂ ਨੂੰ ਵੱਡੇ ਆਰਥਿਕ ਨੁਕਸਾਨ ਦਾ ਡਰ ਪੈਦਾ ਹੋ ਗਿਆ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਸਾਲ ਭਰ ਦੀ ਮਿਹਨਤ ਨਾਲ ਤਿਆਰ ਕੀਤੀ ਫਸਲ ਕੁਝ ਮਿੰਟਾਂ ਦੀ ਤੇਜ਼ ਹਨੇਰੀ ਨਾਲ ਪ੍ਰਭਾਵਿਤ ਹੋ ਗਈ ਹੈ | ਕਣਕ ਦੀ ਫਸਲ ਝੁੱਕ ਕੇ ਜ਼ਮੀਨ ਨਾਲ ਲੱਗ ਗਈ ਜਿਸ ਕਾਰਨ ਕਿਸਾਨਾਂ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ | ਇਸ ਸਮੇਂ ਕਣਕ ਦੀ ਫਸਲ ਪੱਕਣ ਦੇ ਅਖੀਰਲੇ ਪੜਾਅ 'ਤੇ ਹੈ ਅਤੇ ਕੁਝ ਹਫਤਿਆਂ ਵਿਚ ਕਟਾਈ ਸ਼ੁਰੂ ਹੋਣੀ ਸੀ | ਖੇਤਾਂ ਵਿਚ ਵਿਛੀ ਹੋਈ ਫਸਲ ਨੂੰ ਦੇਖ ਕੇ ਕਿਸਾਨ ਬਹੁਤ ਚਿੰਤਤ ਨਜ਼ਰ ਆ ਰਹੇ ਹਨ | ਕਿਸਾਨ ਦਲਜੀਤ ਸਿੰਘ ਐਮਾ ਦਾ ਕਹਿਣਾ ਹੈ ਕਿ ਜਦੋਂ ਕਣਕ ਦੀ ਫਸਲ ਜ਼ਮੀਨ ਨਾਲ ਲੱਗ ਜਾਂਦੀ ਹੈ ਤਾਂ ਉਸ ਦੀ ਪੈਦਾਵਾਰ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ | ਇਸ ਨਾਲ ਦਾਣਾ ਭਰਨ ਦੀ ਪ੍ਰਕਿਰਿਆ ਵੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਕਟਾਈ ਸਮੇਂ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਖਾਸ ਕਰਕੇ ਕੰਬਾਈਨ ਮਸ਼ੀਨਾਂ ਨਾਲ ਵਿਛੀ ਹੋਈ ਫਸਲ ਕੱਟਣਾ ਔਖਾ ਹੋ ਜਾਂਦਾ ਹੈ, ਜਿਸ ਨਾਲ ਕਟਾਈ ਦਾ ਖਰਚਾ ਵੀ ਵਧ ਜਾਂਦਾ ਹੈ | ਕਿਸਾਨ ਆਗੂ ਰਵੇਲ ਸਿੰਘ ਜੌਹਲ ਪਿੰਡਾਂ ਨੇ ਦੱਸਿਆ ਕਿ ਕਈ ਏਕੜਾਂ ਵਿਚ ਫਸਲ ਹਵਾਵਾਂ ਦੇ ਜ਼ੋਰ ਨਾਲ ਝੁਕ ਗਈ ਹੈ | ਕੁਝ ਖੇਤਾਂ ਵਿਚ ਕਣਕ ਦੀਆਂ ਬਾਲੀਆਂ ਮਿੱਟੀ ਨਾਲ ਲੱਗ ਗਈਆਂ ਹਨ | ਜੇਕਰ ਆਉਣ ਵਾਲੇ ਦਿਨਾਂ ਵਿਚ ਹੋਰ ਮੀਂਹ ਪੈ ਗਿਆ ਤਾਂ ਫਸਲ ਵਿਚ ਨਮੀ ਵਧਣ ਨਾਲ ਸੜਨ ਦਾ ਖਤਰਾ ਵੀ ਬਣ ਸਕਦਾ ਹੈ ਜਿਸ ਨਾਲ ਉਪਜ ਘੱਟ ਹੋ ਸਕਦੀ ਹੈ ਅਤੇ ਗੁਣਵੱਤਾ 'ਤੇ ਵੀ ਅਸਰ ਪਵੇਗਾ | ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਕਰਜ਼ੇ ਅਤੇ ਵਧ ਰਹੇ ਖਰਚਿਆਂ ਦੇ ਬੋਝ ਹੇਠਾਂ ਦਬੇ ਹੋਏ ਹਨ | ਖੇਤੀਬਾੜੀ ਵਿਚ ਲੱਗਣ ਵਾਲੀ ਲਾਗਤ ਹਰ ਸਾਲ ਵਧਦੀ ਜਾ ਰਹੀ ਹੈ, ਪਰ ਪੈਦਾਵਾਰ ਦੀ ਕੀਮਤ ਉਨ੍ਹਾਂ ਦੇ ਮੁਤਾਬਕ ਨਹੀਂ ਮਿਲਦੀ | ਹੁਣ ਜੇਕਰ ਕੁਦਰਤੀ ਆਫਤਾਂ ਕਾਰਨ ਫਸਲ ਨੂੰ ਨੁਕਸਾਨ ਹੋਇਆ ਤਾਂ ਉਨ੍ਹਾਂ ਦੀ ਆਰਥਿਕ ਸਥਿਤੀ ਹੋਰ ਵੀ ਖਰਾਬ ਹੋ ਸਕਦੀ ਹੈ | ਮੌਸਮ ਵਿਭਾਗ ਮੁਤਾਬਕਿ ਇਸ ਸਮੇਂ ਮੌਸਮ 'ਚ ਤਬਦੀਲੀ ਆਉਣ ਕਾਰਨ ਕਈ ਇਲਾਕਿਆਂ ਵਿਚ ਤੇਜ਼ ਹਵਾਵਾਂ ਅਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ | ਇਸ ਲਈ ਕਿਸਾਨਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ |