ਪੱਟੀ, 4 ਅਪ੍ਰੈਲ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮਿ੍ਤਸਰ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ਵਿਖੇ ਨਵੇਂ ਸੈਸ਼ਨ ਦੀ ਆਰਭੰਤਾ ਕੀਤੀ ਗਈ | ਜਿਸ ਦੌਰਾਨ ਸਕੂਲ ਵਿਚ ਸੁਭਾਇਮਾਨ ਗੁਰਦੁਆਰਾ ਸਾਹਿਬ ਵਿਖੇ ਸੰਗਤੀ ਰੂਪ ਵਿਚ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਉਪਰੰਤ ਸੰਗੀਤ ਅਧਿਆਪਕ ਬਹਾਲ ਸਿੰਘ ਤੇ ਵਿਦਿਆਰਥੀਆਂ ਵਲੋਂ ਗੁਰੂ ਦੀ ਇਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਗਿਆ | ਸਕੂਲ ਦੇ ਧਾਰਮਿਕ ਅਧਿਆਪਕ ਜਗਜੀਤ ਸਿੰਘ ਨੇ ਕਿਹਾ ਕਿ ਜਿੰਦਗੀ ਸਿੱਖਣ ਦਾ ਨਾਮ ਹੈ, ਜਿੰਦਗੀ ਵਿਚ ਉਹੀ ਵਿਦਿਆਰਥੀ ਸਫਲਤਾ ਪ੍ਰਾਪਤ ਕਰਦੇ ਹਨ, ਜੋ ਆਪਣੀ ਮੰਜਿਲ ਮਿਥ ਕੇ ਉਸ ਨੂੰ ਪ੍ਰਾਪਤ ਕਰਨ ਹਿੱਤ ਹਮੇਸ਼ਾਂ ਮਿਹਨਤ ਕਰਕੇ ਸਿੱਖਦੇ ਰਹਿੰਦੇ ਹਨ | ਅਜਿਹੇ ਵਿਦਿਆਰਥੀ ਇਕ ਵਧੀਆ ਤੇ ਇਨਸਾਫ ਪਸੰਦ ਸਮਾਜ ਦੀ ਸਿਰਜਨਾ ਕਰਕੇ ਆਪਣੇ ਸਕੂਲ, ਮਾਤਾ-ਪਿਤਾ ਤੇ ਅਧਿਆਪਕ ਸਾਹਿਬਾਨ ਦਾ ਨਾਮ ਰੌਸ਼ਨ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ | ਇਹੋ ਜਿਹੇ ਮਨੁੱਖ ਸੰਸਾਰ ਦੇ ਜਿਸ ਮਰਜ਼ੀ ਕੋਨੇ ਵਿਚ ਚਲੇ ਜਾਣ ਉਹ ਆਪਣੇ ਗੁਣਾਂ ਦੀ ਖੁਸ਼ਬੂ ਖਿਲਾਰਦੇ ਚਲੇ ਜਾਂਦੇ ਹਨ | ਇਸ ਮੌਕੇ ਸਕੂਲ ਦੇ ਪਿੰ੍ਰਸੀਪਲ ਜਸਬੀਰ ਕੌਰ ਸੈਣੀ ਨੇ ਉਦਾਹਰਨ ਦੇ ਕੇ ਵਿਦਿਆਰਥੀਆਂ ਨੂੰ ਕਿਹਾ ਕਿ ਜਿਵਾੇ ਮਾਦਾ ਬਾਜ਼ ਆਪਣੇ ਬੱਚੇ ਨੂੰ ਧਰਤੀ ਤੋਂ ਬਹੁਤ ਉੱਚਾ ਲਿਜਾ ਕੇ ਆਪਣੇ ਪੰਜਿਆਂ ਦੀ ਪਕੜ ਵਿਚੋਂ ਅਜ਼ਾਦ ਇਸ ਲਈ ਕਰ ਦਿੰਦੀ ਹੈ ਕਿ ਉਹ ਉੱਡਣ ਦੀ ਜਾਚ ਸਿੱਖ ਸਕਣ, ਇਸੇ ਤਰ੍ਹਾਂ ਮਾਤਾ ਪਿਤਾ ਅਤੇ ਅਧਿਆਪਕ ਸਾਹਿਬਾਨ ਬੱਚਿਆਂ ਨੂੰ ਵਿੱਦਿਆ ਦਾ ਖਜ਼ਾਨਾ ਇਸ ਲਈ ਪ੍ਰਦਾਨ ਕਰਦੇ ਹਨ ਕਿ ਉਹ ਉਚੇਰੀ ਵਿੱਦਿਆ ਹਾਸਲ ਕਰਕੇ ਇਕ ਵਧੀਆ ਸਮਾਜ ਦੀ ਸਿਰਜਨਾ ਕਰ ਸਕਣ | ਇਸ ਮੌਕੇ ਗੁਰਬੀਰ ਸਿੰਘ ਢਿੱਲੋ, ਤਰਲੋਕ ਸਿੰਘ ਅਤੇ ਸਰਬਜੀਤ ਸਿੰਘ ਨੇ ਵੀ ਇੰਨ੍ਹਾਂ ਸਫਲ ਹੋਏ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਮਿਹਨਤ ਕਰਕੇ ਭਵਿੱਖ ਵਿਚ ਹੋਰ ਮੁਕਾਮ ਹਾਸਲ ਕਰਨ ਦੀ ਤਾਕੀਦ ਕੀਤੀ | ਇਸ ਮੌਕੇ ਸਕੂਲ ਦੇ ਵਾਈਸ ਪਿ੍ੰਸੀਪਲ ਨੀਰੂ ਸ਼ਰਮਾ, ਸੁਪਰਵਾਈਜ਼ਰ ਕਰਮਜੀਤ ਕੌਰ, ਪਰਦੀਪ ਕੌਰ, ਰੁਪਿੰਦਰ ਕੌਰ ਨੰਦਾ, ਰਣਜੀਤ ਕੌਰ, ਹਰਪ੍ਰੀਤ ਕੌਰ ਚੀਮਾ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |