ਤਰਨ ਤਾਰਨ, 5 ਅਪ੍ਰੈਲ (ਹਰਿੰਦਰ ਸਿੰਘ)-ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਲੜਕੇ ਦੇ ਸਹੁਰੇ ਘਰ ਵਿਚ ਦਾਖ਼ਲ ਹੋ ਕੇ ਲੜਾਈ ਝਗੜਾ ਕਰਨ ਅਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਥਾਣਾ ਝਬਾਲ ਦੀ ਪੁਲਿਸ ਵਲੋਂ ਇਕ ਵਿਅਕਤੀ ਤੋਂ ਇਲਾਵਾ ਚਾਰ ਪੰਜ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਸਰਵਣਜੀਤ ਸਿੰਘ ਪੁੱਤਰ ਬਖਸ਼ੀਸ ਸਿੰਘ ਵਾਸੀ ਨੂਰਪੁਰ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2011 ਵਿਚ ਹਰਪਿੰਦਰ ਕੌਰ ਪੁੱਤਰੀ ਲਖਵਿੰਦਰ ਸਿੰਘ ਵਾਸੀ ਆਲੀ ਪ੍ਰੀਤਮ ਸਿੰਘ ਵਾਲਾ ਨੇੜੇ੍ਹ ਅਟਾਰੀ ਜ਼ਿਲ੍ਹਾ ਫ਼ਿਰੋਜਪੁਰ ਨਾਲ ਹੋਇਆ ਸੀ ਅਤੇ ਮੇਰੀ ਪਤਨੀ ਦੀ ਕੁਖੋਂ ਇਕ ਲੜਕੀ ਪਲਕਪ੍ਰੀਤ ਕੌਰ ਅਤੇ ਲੜਕਾ ਚਰਨਜੀਤ ਸਿੰਘ ਪੈਦਾ ਹੋਏ ਹਨ, ਕਰੀਬ 3 ਸਾਲ ਪਹਿਲਾਂ ਮਾਮੂਲੀ ਅਣ-ਬਣ ਹੋਣ ਕਾਰਨ ਮੇਰੇ ਅਤੇ ਮੇਰੇ ਪਰਿਵਾਰ ਨਾਲ ਝਗੜਾ ਕਰਕੇ ਮੇਰੀ ਪਤਨੀ ਹਰਪਿੰਦਰ ਕੌਰ ਬੱਚੇ ਛੱਡ ਕੇ ਆਪਣੇ ਪੇਕੇ ਘਰ ਚੱਲੀ ਗਈ ਸੀ | ਇਸ ਦੌਰਾਨ ਸਾਡੀਆਂ ਦੋਵਾਂ ਧਿਰਾਂ ਦੀ ਫ਼ੈਸਲੇ ਦੀ ਗੱਲ ਵੀ ਚੱਲਦੀ ਰਹੀ ਸੀ ਅਤੇ ਫ਼ੈਸਲਾ ਇਹ ਹੋਇਆ ਸੀ ਕਿ ਉਹ ਆਪਣੇ ਸਹੁਰੇ ਜਾ ਕੇ ਆਪਣੀ ਪਤਨੀ ਉਸ ਦੇ ਪੇਕੇ ਘਰ ਤੋਂ ਲੈ ਆਵੇਗਾ, ਪਰ ਉਸ ਦੀ ਪਤਨੀ ਨੇ ਉਸਦੇ ਨਾਲ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ | ਹੁਣ ਤੋਂ ਕਰੀਬ ਚਾਰ ਮਹੀਨੇ ਪਹਿਲਾ ਦਸੰਬਰ 2025 ਵਿਚ ਉਸ ਦਾ ਸਾਲਾ ਆਪਣੇ ਨਾਲ ਕੁਝ ਅਣਪਛਾਤੇ ਵਿਅਕਤੀ ਪਿਸਟਲਾਂ, ਦੋ ਦੋਨਾਲੀ ਰਾਈਫਲਾਂ, ਦੋ ਰਿਵਾਲਵਰਾਂ, ਦਾਤਰ, ਕਿ੍ਪਾਨਾਂ ਸਮੇਤ 5-6 ਅਣਪਛਾਤੇ ਵਿਅਕਤੀ ਗੋਲੀਆਂ ਚਲਾਉਂਦੇ ਹੋਏ ਉਸ ਦੇ ਘਰ ਦਾਖਲ ਹੋਏ ਅਤੇ ਉਸ ਦੀ ਲੜਕੀ ਪਲਕਪ੍ਰੀਤ ਕੌਰ ਨੂੰ ਜਬਰਦਸਤੀ ਚੁੱਕ ਕੇ ਆਪਣੇ ਨਾਲ ਲਿਜਾਣ ਦੀ ਕੋਸਿਸ਼ ਕਰਨ ਲੱਗੇ, ਜਿਸ ਦਾ ਅਸੀਂ ਵਿਰੋਧ ਕੀਤਾ ਤਾਂ ਇਨ੍ਹਾਂ ਵਲੋਂ ਸਾਡੇ ਨਾਲ ਧੱਕਾ ਮੁੱਕੀ ਕੀਤੀ ਗਈ ਗਈ ਅਤੇ ਸਾਨੰੂ ਡਰਾਉਣ ਲਈ ਹਵਾਈ ਫਾਇਰ ਅਤੇ ਮੇਰੇ ਪੈਰਾਂ ਵਿਚ ਫਾਇਰ ਕੀਤੇ | ਇਸ ਸੰਬੰਧੀ ਥਾਣਾ ਝਬਾਲ ਦੇ ਏ.ਐਸ.ਆਈ. ਜਤਿੰਦਰ ਸਿੰਘ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ 'ਤੇ ਗੁਰਬਾਜ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਆਲੀ ਪ੍ਰੀਤਮ ਸਿੰਘ ਵਾਲਾ ਨੇੜ੍ਹੇ ਅਟਾਰੀ ਜ਼ਿਲ੍ਹਾ ਫਿਰੋਜ਼ਪੁਰ ਅਤੇ ਉਸ ਦੇ ਹੋਰ 5-6 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |