ਖਾਲੜਾ, 5 ਅਪ੍ਰੈਲ (ਜੱਜਪਾਲ ਸਿੰਘ ਜੱਜ)-ਸਰਹੱਦੀ ਪਿੰਡ ਨਾਰਲੀ ਵਿਖੇ ਖੇਡ ਸਟੇਡੀਅਮ ਬਣਾਉਣ ਨੂੰ ਲੈ ਕੇ ਆਹਮੋ ਸਾਹਮਣੇ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਮਸਲੇ 'ਚ ਉਸ ਵੇਲੇ ਇਕ ਨਵਾਂ ਮੋੜ ਆ ਗਿਆ, ਜਦੋਂ ਪਿੰਡ ਨਾਰਲੀ ਦੀ ਇਕ ਧਿਰ ਨੇ ਖੇਡ ਸਟੇਡੀਅਮ ਬਣਾ ਰਹੀ ਆਮ ਆਦਮੀ ਪਾਰਟੀ ਦੀ ਹਮਾਇਤ ਕਰਦਿਆਂ ਕਿਹਾ ਕਿ ਜਿਥੇ ਆਮ ਆਦਮੀ ਪਾਰਟੀ ਖੇਡ ਸਟੇਡੀਅਮ ਬਣਾ ਰਹੀ ਹੈ, ਉਹ ਜ਼ਮੀਨ ਪੰਚਾਇਤ ਦੀ ਸ਼ਾਮਲਾਤ ਜ਼ਮੀਨ ਹੈ, ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਿੰਡ ਦੀਆਂ ਹੋਰ ਧਿਰਾਂ ਉਸ ਨੂੰ ਗੁਰਦੁਆਰਾ ਦੀ ਜ਼ਮੀਨ ਦੱਸ ਰਹੀਆਂ ਹਨ | ਇਸ ਮੌਕੇ ਚੇਅਰਮੈਨ ਸੂਰਜਉਦੇ ਸਿੰਘ ਨਾਰਲੀ, ਸਰਪੰਚ ਸੁਖਦੇਵ ਸਿੰਘ ਨਾਰਲੀ, 'ਆਪ' ਹਰਚੰਦ ਸਿੰਘ ਨਾਰਲੀ, ਰਣਜੀਤ ਸਿੰਘ ਜੀਤੂ, ਡਾ. ਮੰਗਲ ਸਿੰਘ, ਬਲਵਿੰਦਰ ਸਿੰਘ ਬਿੰਦਾ, ਕਾਮਰੇਡ ਰਸ਼ਪਾਲ ਸਿੰਘ ਪੱਪੂ, ਸੰਦੀਪ ਸਿੰਘ ਕੰਗ, ਬਿੱਟੂ ਸਿੰਘ, ਗੁਰਜੀਤ ਸਿੰਘ ਆਦਿ ਨੇ ਕਿਹਾ ਕਿ ਜਿਹੜੀ ਜਗ੍ਹਾ ਨੂੰ ਗੁਰਦੁਆਰਾ ਬਾਬਾ ਜਵਾਹਰ ਸਿੰਘ ਦੀ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਮੀਨ ਦੱਸ ਰਹੀ ਹੈ, ਉਸ ਜ਼ਮੀਨ 'ਚ ਛੱਪੜ ਹੁੰਦਾ ਸੀ ਅਤੇ ਜਿਸ ਨੂੰ ਕਰੀਬ 15-20 ਸਾਲ ਪਹਿਲਾਂ ਡਾ. ਸਵਿੰਦਰ ਸਿੰਘ ਨਾਰਲੀ ਤੇ ਸਮੂਹ ਪਿੰਡ ਦੇ ਸਹਿਯੋਗ ਸਦਕਾ ਪੂਰਿਆ ਗਿਆ ਸੀ ਅਤੇ ਇਹ ਜ਼ਮੀਨ ਸ਼ਾਮਲਾਤ ਸੀ, ਜੋ ਪੰਚਾਇਤ ਦੇ ਘੇਰੇ ਅੰਦਰ ਆਉਂਦੀ ਹੈ | ਉਕਤ ਮੁਹਤਬਰਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਚੁੱਕੀ ਹੈ ਅਤੇ ਜਿਸ ਜ਼ਮੀਨ 'ਤੇ ਖੇਡ ਸਟੇਡੀਅਮ ਬਣਾਇਆ ਜਾ ਰਿਹਾ ਹੈ, ਉਹ ਜ਼ਮੀਨ ਨਿਸ਼ਾਨਦੇਹੀ ਤੋਂ ਬਾਹਰ ਹੈ | ਉਨ੍ਹਾਂ ਕਿਹਾ ਕਿ ਪਿੰਡ ਅੰਦਰ ਖੇਡ ਸਟੇਡੀਅਮ ਬਣਨਾ ਇਕ ਬਹੁਤ ਵਧੀਆ ਉਪਰਾਲਾ ਹੈ, ਜਿਸ ਨਾਲ ਬੱਚੇ 'ਤੇ ਨੌਜਵਾਨ ਸਮਾਜਿਕ ਕਰੀਤੀਆਂ ਤੋਂ ਬਚ ਕੇ ਖੇਡਾਂ ਨਾਲ ਜੁੜ ਸਕਦੇ ਹਨ | ਉਨ੍ਹਾਂ ਦੱਸਿਆ ਕਿ ਜਿਸ ਜ਼ਮੀਨ 'ਤੇ ਸਰਕਾਰ ਖੇਡ ਸਟੇਡੀਅਮ ਬਣਾ ਰਹੀ ਹੈ, ਉਸ ਦੇ ਨੇੜੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰਲੀ ਤੇ ਸਰਕਾਰੀ ਐਲੀਮੈਂਟਰੀ ਸਕੂਲ ਨਾਰਲੀ ਸਥਿਤ ਹਨ, ਜਿਥੋਂ ਸਹਿਜੇ ਹੀ ਬੱਚੇ ਖੇਡ ਸਟੇਡੀਅਮ ਵਿਚ ਖੇਡਣ ਆ ਸਕਦੇ ਹਨ |