ਤਰਨ ਤਾਰਨ, 7 ਅਪ੍ਰੈਲ (ਹਰਿੰਦਰ ਸਿੰਘ)- ਸਾਉਣੀ ਦੀਆਂ ਫ਼ਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੀ ਅਗਵਾਈ ਹੇਠ ਸ਼ਾਹੀ ਫਾਰਮ ਝਬਾਲ ਗੱਗੂਬੂਹਾ ਰੋਡ ਤਰਨ ਤਰਨ ਵਿਖੇ 10 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਲਗਾਇਆ ਜਾ ਰਿਹਾ ਹੈ | ਕੈਂਪ ਸਬੰਧੀ ਬਲਾਕ ਪੱਟੀ ਦੇ ਸਮੂਹ ਸਟਾਫ ਦੀ ਮੀਟਿੰਗ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਰਨ ਡਾ. ਤੇਜਬੀਰ ਸਿੰਘ ਭੰਗੂ ਨੇ ਕਿਹਾ ਕਿ ਸਮੂਹ ਸਟਾਫ ਵੱਧ ਤੋਂ ਵੱਧ ਕਿਸਾਨਾਂ ਦੀ ਕੈਂਪ ਵਿਚ ਸ਼ਮੂਲੀਅਤ ਯਕੀਨੀ ਬਣਾਏ | ਉਨ੍ਹਾਂ ਕਿਹਾ ਕਿ ਇਸ ਮੌਕੇ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨ ਅਤੇ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ, ਬਾਗਬਾਨੀ, ਡੇਅਰੀ ਅਤੇ ਖੇਤੀ ਸਹਾਇਕ ਧੰਦਿਆਂ ਆਦਿ ਬਾਰੇ ਤਕਨੀਕੀ ਜਾਣਕਾਰੀ ਦੇਣਗੇ | ਇਸ ਮੌਕੇ ਵੱਖ-ਵੱਖ ਕਿਸਮ ਦੀਆਂ ਪ੍ਰਦਰਸ਼ਨੀਆਂ ਜਿਵੇਂ ਕਿ ਮੱਛੀ ਪਾਲਣ, ਪਸ਼ੂ-ਪਾਲਣ, ਸ਼ਹਿਦ ਮੱਖੀ ਪਾਲਣ, ਭੂਮੀ ਰੱਖਿਆ, ਡੇਅਰੀ, ਸੁਧਰੇ ਹੋਏ ਬੀਜ, ਖ਼ਾਦ, ਦਵਾਈਆਂ, ਸੈਲਫ ਹੈਲਪ ਗਰੁੱਪਾਂ ਅਤੇ ਖੇਤੀਬਾੜੀ ਸਬੰਧੀ ਮਸ਼ੀਨਰੀ ਦੇ ਪੰਡਾਲ ਲਗਾਏ ਜਾਣਗੇ |