ਤਰਨ ਤਾਰਨ, 9 ਅਪ੍ਰੈਲ (ਹਰਿੰਦਰ ਸਿੰਘ)-ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਸਾਲਾਨਾ ਜੋੜ ਮੇਲਾ ਸੰਪਰਦਾਇ ਬਾਬਾ ਬਿਧੀਚੰਦ ਜੀ ਦੇ 12ਵੇਂ ਮੁਖੀ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਦੇ ਸਹਿਯੋਗ ਨਾਲ ਗੁਰਦੁਆਰਾ ਰੋੜੀ ਸਾਹਿਬ ਪੰਜਵੀਂ ਪਾਤਿਸ਼ਾਹੀ ਸੁਰਸਿੰਘ ਜ਼ਿਲ੍ਹਾ ਤਰਨ ਤਾਰਨ ਵਿਖੇ ਮਨਾਇਆ ਗਿਆ | ਇਸ ਮੌਕੇ ਰਖਾਏ ਅਖੰਡ ਪਾਠ ਦੇ ਭੋਗ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਵਲੋਂ ਅਰਦਾਸ ਕਰਨ ਉਪਰੰਤ ਪਾਏ ਗਏ | ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਪਹੁੰਚੇ ਕਥਾਵਾਚਕਾਂ, ਕੀਰਤਨ ਅਤੇ ਕਵੀਸ਼ਰੀ ਜਥਿਆਂ ਵਲੋਂ ਆਈ ਹੋਈ ਸੰਗਤ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ ਗਿਆ | ਸਮਾਗਮ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਮੱਥਾ ਟੇਕਿਆ | ਇਸ ਮੌਕੇ ਬਾਬਾ ਬਿਧੀਚੰਦ ਜੀ ਗੁਰਮਤਿ ਸੰਗੀਤ ਵਿਦਿਆਲਿਆ ਦੇ ਵਿਦਿਆਰਥੀਆਂ ਦੇ ਗੁਰਮਤਿ ਕੀਰਤਨ ਮੁਕਾਬਲੇ ਕਰਵਾਏ ਗਏ | ਮੁਕਾਬਲੇ ਦੌਰਾਨ ਵੱਖ-ਵੱਖ ਪੁਜ਼ੀਸ਼ਨਾਂ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਵਲੋਂ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਸੰਤ ਬਾਬਾ ਅਵਤਾਰ ਸਿੰਘ ਵਲੋਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਗੁਰੂ ਸਾਹਿਬਾਨ ਜੀ ਦੁਆਰਾ ਦਿੱਤੀਆਂ ਸਿੱਖਿਆਵਾਂ ਉਪਰ ਚੱਲਣ ਦੀ ਅਪੀਲ ਕਰਦਿਆਂ ਗੁਰੂ ਲੜ ਲੱਗਣ ਲਈ ਪ੍ਰੇਰਿਤ ਕੀਤਾ ਗਿਆ | ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ | ਸ਼ਾਮ ਸਮੇਂ ਕਬੱਡੀ ਦੇ ਨਾਮਵਰ ਖ਼ਿਡਾਰੀਆਂ ਵਿਚ ਕਬੱਡੀ ਦੇ ਮੈਚ ਕਰਵਾਏ ਗਏ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਸਮਾਗਮ ਦੌਰਾਨ ਬਾਬਾ ਪ੍ਰੇਮ ਸਿੰਘ, ਬਾਬਾ ਸਾਧ ਸਿੰਘ, ਜਥੇਦਾਰ ਬਾਬਾ ਨਿਹਾਲ ਸਿੰਘ, ਭਾਈ ਜਰਨੈਲ ਸਿੰਘ, ਸਾਬਕਾ ਸਰਪੰਚ ਸੁਰਿੰਦਰ ਸਿੰਘ ਰਾਣਾ, ਸਰਪੰਚ ਹਰਜਿੰਦਰ ਸਿੰਘ, ਸਰਪੰਚ ਰਾਜਬੀਰ ਸਿੰਘ, ਸਰਪੰਚ ਦਿਲਬਾਗ ਸਿੰਘ, ਭਾਈ ਸਤਨਾਮ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |