ਪੱਟੀ, 9 ਅਪ੍ਰੈਲ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪੱਟੀ ਇਲਾਕੇ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ 'ਚ ਪਿਛਲੇ ਕਰੀਬ 10 ਤੋਂ 15 ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ, ਤੇਜ਼ ਹਵਾਵਾਂ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਹਾੜੀ ਦੀ ਮੁੱਖ ਫ਼ਸਲ ਕਣਕ ਅਤੇ ਸਬਜ਼ੀਆਂ ਤੇ ਬਾਗਾਂ ਨੂੰ ਭਾਰੀ ਨੁਕਸਾਨ ਪਹੁੰਚਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ | ਕਿਸਾਨਾਂ ਨੇ ਦੱਸਿਆ ਕਿ ਜਿਹੜੀ ਫਸਲ ਨੂੰ ਉਨ੍ਹਾਂ ਨੇ ਪੁੱਤਰਾਂ ਵਾਂਗ ਪਾਲ-ਪੋਸ ਕੇ ਤਿਆਰ ਕੀਤਾ ਸੀ, ਉਹ ਹੁਣ ਕੁਦਰਤੀ ਆਫ਼ਤ ਕਾਰਨ ਖੇਤਾਂ ਵਿੱਚ ਹੀ ਤਬਾਹ ਹੋ ਰਹੀ ਹੈ | ਇਸ ਸੰਬੰਧੀ ਕੁਲਬੀਰ ਸਿੰਘ, ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ, ਹਰਦਿਆਲ ਸਿੰਘ, ਹਰਜੀਤ ਸਿੰਘ, ਅੰਗਰੇਜ਼ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਖੇਤਾਂ ਵਿਚ ਕਣਕ ਦੀ ਫਸਲ ਪੱਕ ਕੇ ਤਿਆਰ ਖੜ੍ਹੀ ਸੀ, ਜੋ ਲਗਾਤਾਰ ਪੈ ਰਹੇ ਮੀਂਹ ਅਤੇ ਤੂਫ਼ਾਨੀ ਹਵਾਵਾਂ ਕਾਰਨ ਫਸਲ ਜ਼ਮੀਨ 'ਤੇ ਵਿਛ ਜਾਣ ਕਾਰਨ ਤਹਿਸ-ਨਹਿਸ ਹੋ ਰਹੀ ਹੈ | ਕਿਸਾਨਾਂ ਨੇ ਕਿਹਾ ਕਿ ਫਸਲ ਡਿੱਗਣ ਨਾਲ ਜਿੱਥੇ ਝਾੜ ਵਿਚ ਭਾਰੀ ਕਮੀ ਆਉਣ ਦਾ ਖ਼ਦਸ਼ਾ ਹੈ, ਉਥੇ ਹੀ ਕਈ ਖੇਤਰਾਂ ਵਿਚ ਕਣਕ ਦੇ ਸਿੱਟਿਆਂ ਵਿਚ ਹੀ ਦਾਣੇ ਉੱਗਣੇ ਸ਼ੁਰੂ ਹੋ ਗਏ ਹਨ, ਜਿਸ ਨਾਲ ਮੰਡੀ 'ਚ ਇਸ ਦੀ ਮਿਆਰਤਾ ਵੀ ਪ੍ਰਭਾਵਿਤ ਹੋ ਸਕਦੀ ਹੈ | ਕਿਸਾਨਾਂ ਮੁਤਾਬਿਕ ਇਸ ਵਾਰ ਸਿਰਫ ਕਣਕ ਹੀ ਨਹੀਂ ਸਗੋਂ ਸਬਜ਼ੀਆਂ, ਬਾਗਾਂ ਅਤੇ ਪਸ਼ੂਆਂ ਦੇ ਚਾਰੇ ਵਾਲੀਆਂ ਫ਼ਸਲਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਮੌਸਮੀ ਆਫ਼ਤ ਕਾਰਨ ਪੂਰੇ ਇਲਾਕੇ ਵਿਚ ਸੈਂਕੜਿਆਂ ਏਕੜ ਫਸਲ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ | ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਸਪੈਸ਼ਲ ਗਿਰਦਾਵਰੀ ਕਰਵਾ ਕੇ ਨੁਕਸਾਨ ਦਾ ਅੰਕੜਾ ਤਿਆਰ ਕੀਤਾ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ ਅਤੇ ਉਹ ਅਗਲੀ ਫਸਲ ਲਈ ਤਿਆਰੀ ਕਰ ਸਕਣ |