ਤਰਨ ਤਾਰਨ, 10 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਖਾਲੜਾ ਦੀ ਪੁਲਿਸ ਨੇ ਬੀ.ਐੱਸ.ਐੱਫ ਨਾਲ ਸਾਂਝੇ ਤਲਾਸ਼ੀ ਮੁਹਿੰਮ ਤਹਿਤ ਇਕ ਵਿਅਕਤੀ ਦੇ ਖੇਤ 'ਚੋਂ 1 ਕਿੱਲੋ 13 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧੀ ਥਾਣਾ ਖਾਲੜਾ ਦੇ ਐੱਸ.ਆਈ. ਸਾਹਿਬ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪਿੰਡ ਵਾਂ ਤਾਰਾ ਵਿਖੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਲਖਬੀਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਰਾਜੋਕੇ ਨੇ ਸੂਚਨਾ ਦਿੱਤੀ ਕਿ ਉਸ ਦੇ ਸਰੋਂ ਦੇ ਖੇਤ 'ਚ ਕੋਈ ਇਤਰਾਜਯੋਗ ਵਸਤੂ ਪਈ ਹੈ, ਜੇਕਰ ਸਰਚ ਕੀਤੀ ਜਾਵੇ ਤਾਂ ਕੁਝ ਬਰਾਮਦ ਹੋ ਸਕਦਾ ਹੈ ਤਾਂ ਤੁਰੰਤ ਉਨ੍ਹਾਂ ਇਸਦੀ ਸੂਚਨਾ ਬੀ.ਐੱਸ.ਐੱਫ ਦੀ 142 ਵੀਂ ਬਟਾਲੀਅਨ ਦੇ ਕੰਪਨੀ ਕਮਾਂਡਰ ਸ਼ੀਜੂ ਗੇਰਾਓਜੀ ਨੂੰ ਦਿੱਤੀ ਅਤੇ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਨਾਲ ਲੈ ਕੇ ਉਕਤ ਦੱਸੀ ਹੋਈ ਜਗ੍ਹਾ 'ਤੇ ਜਦੋਂ ਸਰਚ ਕੀਤੀ ਤਾਂ ਖੇਤ ਵਿਚੋਂ ਇਕ ਪੈਕੇਟ ਬਰਾਮਦ ਹੋਇਆ ਜਿਸ 'ਤੇ ਤਾਂਬੇ ਦੀ ਕੁੰਡੀ ਬਣੀ ਹੋਈ ਸੀ, ਜਦੋਂ ਪੈਕੇਟ ਨੂੰ ਖੋਲ ਕੇ ਚੈਕ ਕੀਤਾ ਤਾਂ ਉਸ ਵਿਚੋਂ 1 ਕਿਲੋ 13 ਗ੍ਰਾਮ ਹੈਰੋਇਨ ਬਰਾਮਦ ਹੋਈ | ਉਨ੍ਹਾਂ ਦੱਸਿਆ ਕਿ ਹੈਰੋਇਨ ਬਰਾਮਦਗੀ ਮਾਮਲੇ ਵਿਚ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀ ਖਿਲਾਫ਼ ਐੱਨ.ਡੀ.ਪੀ.ਐੱਸ.ਐਕਟ ਅਤੇ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |