ਤਰਨ ਤਾਰਨ, 10 ਅਪ੍ਰੈਲ (ਇਕਬਾਲ ਸਿੰਘ ਸੋਢੀ)-ਖ਼ਾਲਸੇ ਦੀ ਸਾਜਨਾ ਦਿਵਸ ਜਲਿ੍ਹਆਂ ਵਾਲੇ ਬਾਗ ਦੇ ਸਾਕੇ ਦੀ ਯਾਦ 'ਚ ਅਤੇ ਸਮੇਂ ਦੀਆਂ ਹਾਕਮ ਸਰਕਾਰਾਂ ਨਾਲ ਕਾਰਪੋਰੇਟ ਪੱਖੀ ਰੋਲ ਵਿਸ਼ੇ 'ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਸੈਮੀਨਾਰ 13 ਅਪ੍ਰੈਲ ਨੂੰ ਤਰਨ ਤਰਨ ਵਿਖੇ ਕੀਤਾ ਜਾਵੇਗਾ | ਇਹ ਜਾਣਕਾਰੀ ਪਾਰਟੀ ਦੀ ਤਹਿਸੀਲ ਸਕੱਤਰ ਬਲਦੇਵ ਸਿੰਘ ਪੰਡੋਰੀ ਅਤੇ ਮਨਰੇਗਾ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਰਟੌਲ ਨੇ ਗੱਲਬਾਤ ਦੌਰਾਨ ਦਿੱਤੀ | ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਅੰਦਰ ਲੁੱਟ ਕਰਨ ਦੀਆਂ ਖੁੱਲੀਆਂ ਛੁੱਟੀਆਂ ਦੇ ਰਹੀਆਂ ਹਨ ਅਤੇ ਦੇਸ਼ ਦੀ ਕੀਮਤੀ ਵਸੀਲਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ | ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਜਲਿ੍ਹਆਂ ਵਾਲੇ ਬਾਗ ਦੀ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਮਿੱਟੀ ਵਿਚ ਮਿਲਾ ਰਹੀਆਂ ਹਨ ਅਤੇ ਬਰਤਾਨਵੀ ਸਰਕਾਰਾਂ ਨਾਲ ਸਾਂਝਾ ਪਾ ਰਹੀਆਂ ਹਨ | ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਕੇਂਦਰ ਸਰਕਾਰ ਦੀਆਂ ਨੀਤੀਆਂ 'ਤੇ ਚੱਲ ਰਹੀ ਹੈ ਅਤੇ ਆਪਣੇ ਆਪ ਨੂੰ ਇਨਕਲਾਬੀ ਪਾਰਟੀ ਦੱਸ ਰਹੀ ਹੈ, ਜੋ ਕਿ ਭਗਵੰਤ ਮਾਨ ਦੀਆਂ ਨੀਤੀਆਂ ਸਾਡੇ ਗੁਰੂਆਂ,ਦੇਸ਼ ਭਗਤਾਂ, ਭਗਤ ਸਰਾਭਿਆਂ ਦੀ ਸੋਚ ਤੋਂ ਕੋਹਾਂ ਦੂਰ ਹਨ | ਇਸ ਸੈਮੀਨਾਰ ਨੂੰ ਪਾਰਟੀ ਦੇ ਸੂਬਾਈ ਸਕੱਤਰ ਪਰਗਟ ਸਿੰਘ ਜਾਮਾਰਾਏ ਸੰਬੋਧਨ ਕਰਨਗੇ |