ਤਰਨ ਤਾਰਨ, 15 ਅਪ੍ਰੈਲ (ਪਰਮਜੀਤ ਜੋਸ਼ੀ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਇਕ ਵਫ਼ਦ ਮਨਜੀਤ ਸਿੰਘ ਬੱਗੂ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਮਿਲਿਆ | ਇਸ ਵਫਦ ਵਲੋਂ ਮੁੱਖ ਰੂਪ 'ਚ ਸਹਿਕਾਰੀ ਖੰਡ ਮਿੱਲ ਸੇਰੋਂ ਦੀ ਸ਼ੁਰੂਆਤ ਹੀ ਨੋਟੀਫਿਕੇਸ਼ਨ ਦੀ ਕਾਪੀ ਸੰਬੰਧੀ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਹੈ ਕਿ ਰਿਕਾਰਡ ਕੋਈ ਵੀ ਅਧਿਕਾਰੀ ਦੇਣ ਨੂੰ ਤਿਆਰ ਨਹੀਂ ਹੈ, ਜਦਕਿ ਕਿਸੇ ਕਿਸਮ ਦਾ ਵੀ ਰਿਕਾਰਡ ਕੋਈ ਵੀ ਨਾਗਰਿਕ ਪ੍ਰਾਪਤ ਕਰ ਸਕਦਾ ਹੈ | ਉਨ੍ਹਾਂ ਨੇ ਇਸ ਬਾਰੇ ਭਰੋਸਾ ਦਿਵਾਇਆ ਕਿ ਜਲਦੀ ਹੀ ਨੋਟੀਫਿਕੇਸ਼ਨ ਦੀ ਕਾਪੀ ਅਤੇ ਸੰਬੰਧਿਤ ਰਿਕਾਰਡ ਜਿਸ ਜਥੇਬੰਦੀ ਨੂੰ ਮੁਹੱਈਆ ਕਰਵਾਇਆ ਜਾਵੇਗਾ | ਇਸ ਤੋਂ ਬਿਨਾਂ ਸੇਰੋਂ ਢੋਟੀਆਂ ਜਾਮਾਰਾਏ ਵਾਲੀ ਸੜਕ ਦੀ ਮਾੜੀ ਹਾਲਤ ਬਾਰੇ ਚਰਚਾ ਕੀਤੀ ਗਈ | ਰਸੂਲਪੁਰ ਤੋਂ ਪੱਟੀ ਰੋਡ ਨੂੰ ਪਿੱਦੀ ਪਿੰਡ ਲਾਗੇ ਟੁੱਟੀ ਸੜਕ ਬਾਰੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਗਿਆ | ਉਨ੍ਹਾਂ ਨੇ ਕਿਹਾ ਕਿ ਇਹ ਦੋਵੇਂ ਹੀ ਸੜਕਾਂ ਨਵੀਆਂ ਬਣਨਗੀਆਂ | ਮੰਡੀਆਂ ਵਿਚ ਕਣਕ ਦੀ ਭਰਾਈ ਨਾ ਹੋਣ ਸੰਬੰਧੀ ਜਦੋਂ ਮੁੱਦਾ ਉਠਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਰੇ ਐਸ.ਡੀ.ਐਮਜ਼ ਅਤੇ ਬਾਕੀ ਫੀਲਡ ਸਟਾਫ਼ ਮੰਡੀਆਂ ਵਿਚ ਭੇਜਿਆ ਹੋਇਆ ਹੈ ਅਤੇ ਸੰਭਾਵਨਾ ਹੈ ਕਿ ਅੱਜ ਖ਼ਰੀਦ ਸ਼ੁਰੂ ਹੋ ਜਾਵੇਗੀ | ਇਸ ਮੌਕੇ ਵਫਦ ਵਿਚ ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ, ਗੁਰਚਰਨ ਸਿੰਘ ਸਭਰਾ, ਰਤਨ ਸਿੰਘ ਢੰਡ, ਜੱਸਾ ਸਿੰਘ ਕੱਦਗਿੱਲ, ਦਵਿੰਦਰ ਸਿੰਘ ਗਰੇਵਾਲ, ਦਵਿੰਦਰ ਸੋਹਲ, ਸੁਖਚੈਨ ਸਿੰਘ ਸਰਹਾਲੀ ਖੁਰਦ ਅਤੇ ਨਛੱਤਰ ਸਿੰਘ ਪੰਨੂੰ ਕਨਵੀਨਰ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਆਦਿ ਹਾਜ਼ਰ ਸਨ |