ਅੰਮਿ੍ਤਸਰ, 23 ਅਪ੍ਰੈਲ (ਸੁਰਿੰਦਰ ਕੋਛੜ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਜ਼ਿਲ੍ਹਾ ਇਕਾਈ ਦੇ ਅਧਿਕਾਰੀਆਂ ਅਤੇ ਕਾਰਜਕਾਰੀ ਕਮੇਟੀ ਦੀ ਮੀਟਿੰਗ ਪ੍ਰਧਾਨ ਸੁਰਿੰਦਰ ਦੁੱਗਲ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਮੰਗ ਕੀਤੀ ਗਈ ਕਿ ਰੀਗੋ ਪੁਲ ਦੀ ਮੁੜ ਉਸਾਰੀ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਅਤੇ ਪੁਲ ਨੂੰ ਜਨਤਾ ਲਈ ਖੋਲਿ੍ਹਆ ਜਾਵੇ | ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ 'ਚ ਵਪਾਰੀਆਂ ਨੇ ਕਿਹਾ ਕਿ ਪੁਲ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਬੰਦ ਹੈ, ਜਿਸ ਕਾਰਨ ਜਨਤਾ ਅਤੇ ਕਾਰੋਬਾਰੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੁਲ ਦੇ ਬੰਦ ਹੋਣ ਨਾਲ ਸ਼ਹਿਰ ਦਾ ਸਿਵਲ ਲਾਈਨਜ਼ ਨਾਲ ਸੰਪਰਕ ਲਗਭਗ ਕੱਟ ਗਿਆ ਹੈ | ਪ੍ਰਧਾਨ ਸੁਰਿੰਦਰ ਦੁੱਗਲ, ਸਕੱਤਰ ਰਾਕੇਸ਼ ਠੁਕਰਾਲ, ਸਕੱਤਰ ਬਲਬੀਰ ਭਸੀਣ ਅਤੇ ਉਦਯੋਗਪਤੀ ਰਵੀ ਅਰੋੜਾ ਨੇ ਸਰਕਾਰ ਨੂੰ ਇਸ ਸਮੱਸਿਆ ਨੂੰ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ | ਦੁੱਗਲ ਨੇ ਮੀਟਿੰਗ 'ਚ ਇਹ ਵੀ ਕਿਹਾ ਕਿ ਸੂਬੇ ਸਮੇਤ ਅੰਮਿ੍ਤਸਰ 'ਚ ਕੈਮਿਸਟਾਂ ਅਤੇ ਵਪਾਰੀਆਂ ਨਾਲ ਲੁੱਟ-ਖੋਹ ਦੀਆਂ ਘਟਨਾਵਾਂ ਵੱਧ ਰਹੀਆਂ ਹਨ | ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਅਤੇ ਵਿਧਾਇਕਾਂ ਨਾਲ ਜਲਦੀ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਗਿਆ |