ਤਰਨ ਤਾਰਨ, 24 ਅਪ੍ਰੈਲ (ਹਰਿੰਦਰ ਸਿੰਘ)-ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਵਿਚ ਅੱਠਵਾਂ ਪੋਸ਼ਣ ਪੰਦ੍ਹਰਵਾੜਾ 9 ਅਪ੍ਰੈਲ ਤੋਂ 23 ਅਪ੍ਰੈਲ ਤੱਕ ਮਨਾਇਆ ਗਿਆ | ਇਸ ਦੌਰਾਨ ਵਿਭਾਗ ਵਲੋਂ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿਚ ਪੋਸ਼ਣ ਅਤੇ ਸਿਹਤ ਸਬੰਧੀ ਜਾਗਰੂਕਤਾ ਫੈਲਾਉਣ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਪੰਦ੍ਹਰਵਾੜੇ ਦੀ ਸ਼ੁਰੂਆਤ 9 ਅਪ੍ਰੈਲ ਨੂੰ ਉਦਘਾਟਨ ਸਮਾਰੋਹ ਨਾਲ ਹੋਈ, ਜਿਸ ਵਿਚ ਪੋਸ਼ਣ ਸੰਬੰਧੀ ਜਾਗਰੂਕਤਾ, ਘਰ-ਘਰ ਪੋਸ਼ਣ ਸੰਦੇਸ਼ ਅਤੇ ਸਹੀ ਖ਼ੁਰਾਕ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | ਇਸ ਤੋਂ ਬਾਅਦ ਵੱਖ-ਵੱਖ ਦਿਨਾਂ ਵਿਚ ਮਿੱਲਟਸ (ਮੋਟੇ ਅਨਾਜ) ਉੱਤੇ ਵਿਅੰਜਨ ਮੁਕਾਬਲੇ, ਗੰਭੀਰ ਕੁਪੋਸ਼ਣ ਪ੍ਰਬੰਧਨ ਮਾਡਿਊਲ ਬਾਰੇ ਜਾਗਰੂਕਤਾ ਸੈਸ਼ਨ,'ਦਾਦੀ ਮਾਂ ਦੇ ਨੁਸਖੇ', ਯੁਵਾ ਸਮੂਹ ਮੀਟਿੰਗਾਂ ਅਤੇ 1 ਹਜ਼ਾਰ ਦਿਨਾਂ ਦੀ ਜਿੰਦਗੀ ਬਾਰੇ ਚਰਚਾ ਕਰਵਾਈ ਗਈ | ਇਸ ਲੜੀ ਵਿਚ ਬੱਚਿਆਂ ਵਿਚ ਮੋਟਾਪੇ ਬਾਰੇ ਲੈਕਚਰ, ਮੋਟੇ ਅਨਾਜ ਬਾਰੇ ਜਾਗਰੂਕਤਾ ਵੈਬ ਸੰਮੇਲਨ, ਤੰਦਰੁਸਤ ਬੱਚਾ ਮੁਕਾਬਲੇ ਅਤੇ ਘਰ-ਘਰ ਦੌਰੇ ਕਰਕੇ ਕੂਪੋਸ਼ਣ ਪ੍ਰਬੰਧਨ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ | 23 ਅਪ੍ਰੈਲ ਨੂੰ ਪੋਸ਼ਣ ਪੰਦ੍ਹਰਵਾੜੇ ਦਾ ਸਮਾਪਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਆਂਗਣਵਾੜੀ ਵਰਕਰਾਂ, ਸਹਾਇਕਾਂ ਅਤੇ ਸਵੈ ਸਹਾਇਤਾ ਸਮੂਹਾਂ ਦੀ ਭਾਗੀਦਾਰੀ ਨਾਲ ਜਾਗਰੂਕਤਾ ਗਤੀਵਿਧੀਆਂ ਦੀ ਸਮੀਖਿਆ ਕੀਤੀ ਗਈ | ਜ਼ਿਲ੍ਹਾ ਪ੍ਰੋਗਰਾਮ ਅਫਸਰ ਰਾਜੀਵ ਢਾਂਡਾ ਨੇ ਦੱਸਿਆ ਕਿ ਪੋਸ਼ਣ ਪਖਵਾੜੇ ਦਾ ਮੁੱਖ ਉਦੇਸ਼ ਲੋਕਾਂ ਨੂੰ ਸੰਤੁਲਿਤ ਆਹਾਰ, ਮਾਂ ਅਤੇ ਬੱਚੇ ਦੀ ਸਿਹਤ, ਖ਼ੂਨ ਦੀ ਕਮੀ ਤੋਂ ਬਚਾਅ ਅਤੇ ਸਥਾਨਕ ਪੋਸ਼ਣਯੁਕਤ ਭੋਜਨ ਦੀ ਵਰਤੋਂ ਬਾਰੇ ਜਾਗਰੂਕ ਕਰਨਾ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਨਾਲ ਸਮਾਜ ਵਿਚ ਪੋਸ਼ਣ ਪ੍ਰਤੀ ਜਾਗਰੂਕਤਾ ਵਧਦੀ ਹੈ ਅਤੇ ਸਿਹਤਮੰਦ ਸਮਾਜ ਦੇ ਨਿਰਮਾਣ ਵਿਚ ਮਦਦ ਮਿਲਦੀ ਹੈ |