ਤਰਨ ਤਾਰਨ, 26 ਅਪ੍ਰੈਲ (ਹਰਿੰਦਰ ਸਿੰਘ)-ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪ੍ਰੱਮੁਖ ਜਥੇਬੰਦੀਆਂ ਦੇ ਅਧਾਰਿਤ ਬਣੇ ਸਾਂਝੇ ਧੜੇ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ, ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ ਯੂਨੀਅਨ (ਸੰਬੰਧਿਤ ਏਟਕ) ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪਹਿਲਵਾਨ ਨਾਲ ਸੰਬੰਧਿਤ ਸੂਬਾ ਆਗੂਆਂ ਕੁਲਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਗੁਰਭੇਜ ਸਿੰਘ ਢਿੱਲੋਂ, ਰਵੇਲ ਸਿੰਘ ਸਹਾਏਪੁਰ, ਦਵਿੰਦਰ ਸਿੰਘ ਪਿਸ਼ੌਰ, ਰਾਧੇਸ਼ਿਆਮ, ਕੌਰ ਸਿੰਘ ਸੋਹੀ, ਬਲਜੀਤ ਸਿੰਘ ਮੋਦਲਾ, ਜਸਵੀਰ ਸਿੰਘ ਆਂਡਲੂ, ਰਣਜੀਤ ਸਿੰਘ ਢਿੱਲੋਂ, ਬਾਬਾ ਅਮਰਜੀਤ ਸਿੰਘ, ਦਲੀਪ ਕੁਮਾਰ, ਪਵਨਪ੍ਰੀਤ ਸਿੰਘ, ਗੁਰਪਿਆਰ ਸਿੰਘ ਆਦਿ ਨੇ ਮੁੱਖ ਮੰਤਰੀ ਪੰਜਾਬ, ਬਿਜਲੀ ਮੰਤਰੀ ਅਤੇ ਅਦਾਰੇ ਦੇ ਸੀ.ਐਮ.ਡੀ. ਕੋਲੋਂ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਤਾਪਮਾਨ ਦੇ ਵੱਧ ਜਾਣ ਕਰਕੇ ਬਿਜਲੀ ਦੀ ਖਪਤ ਵਿਚ ਹੋਏ ਬੇਤਹਾਸ਼ਾ ਵਾਧੇ ਕਾਰਨ ਦਿਨ ਅਤੇ ਰਾਤ ਦੇ ਸਮੇਂ ਲੱਗ ਰਹੇ ਵੱਡੇ ਬਿਜਲੀ ਕੱਟਾਂ ਦਾ ਵਿਰੋਧ ਕਰਨ ਲਈ ਗਰਿੱਡਾਂ ਦੇ ਨੇੜਲੇ ਇਲਾਕਿਆਂ ਨਾਲ ਸੰਬੰਧਿਤ ਖਪਤਕਾਰਾਂ ਵਲੋਂ ਭੀੜ ਦੇ ਰੂਪ ਵਿਚ ਇਕੱਤਰ ਹੋ ਕੇ ਗਰਿੱਡਾਂ ਵਿਚ ਤਾਇਨਾਤ ਰਾਤ ਦੇ ਸਮੇਂ ਇਕੋ ਇਕੋ ਕਰਮਚਾਰੀ ਨਾਲ ਦੁਰਵਿਹਾਰ ਕਰਦੇ ਹੋਏ ਮਹਿਕਮੇ ਦੇ ਆਦੇਸ਼ਾਂ 'ਤੇ ਬੰਦ ਕੀਤੀ ਬਿਜਲੀ ਸਪਲਾਈ ਨੂੰ ਜਬਰਦਸਤੀ ਚਾਲੂ ਕਰਨ ਅਤੇ ਗੁੱਸੇ ਵਿਚ ਭੜਕੀ ਭੀੜ ਦੀ ਅਗਵਾਈ ਕਰਨ ਵਾਲੇ ਕੁੱਝ ਲੋਕਾਂ ਵਲੋਂ ਕੀਮਤੀ ਸਾਜੋ ਸਮਾਨ ਦੀ ਕੀਤੀ ਜਾ ਰਹੀ ਭੰਨ ਤੋੜ ਦੀਆਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ 'ਤੇ ਕਾਬੂ ਪਾਉਣ ਅਤੇ ਗਰਿੱਡਾਂ 'ਤੇ ਤਾਇਨਾਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕਰਦੇ ਹੋਏ ਬਿਜਲੀ ਘਰਾਂ ਵਿਚ ਰਾਤ ਦੇ ਸਮੇਂ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣ ਦੀ ਮੰਗ ਕੀਤੀ ਹੈ, ਤਾਂ ਜੋ ਭਵਿੱਖ ਵਿਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ ਅਤੇ ਕਰਮਚਾਰੀ ਬੇਖੌਫ਼ ਹੋ ਕੇ ਆਪਣੀ ਡਿਊਟੀ ਨਿਭਾ ਸਕਣ | ਆਗੂਆਂ ਨੇ ਪਾਵਰ ਮੇਨੇਜਮੈਟ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕੇ ਬਿਜਲੀ ਘਰਾਂ ਵਿਚ ਡਿਊਟੀ ਕਰਨ ਵਾਲੇ ਕਰਮਚਾਰੀਆਂ ਨਾਲ ਹੈਲਪਰ ਲਗਾਉਣ ਲਈ ਸਟਾਫ਼ ਪੂਰਾ ਕੀਤਾ ਜਾਵੇ, ਕਿਉਂਕਿ ਬਿਜਲੀ ਘਰਾਂ ਦੀਆਂ ਮਨਜ਼ੂਰ 7778 ਅਸਾਮੀਆਂ ਵਿਚੋਂ 4630 ਆਸਾਮੀਆਂ ਖਾਲੀ ਹੋਣ ਕਰਕੇ ਸਿਰਫ 3148 ਕਰਮਚਾਰੀ ਡਿਊਟੀ ਨਿਭਾਅ ਰਹੇ ਹੋਣ ਕਰਕੇ ਕਰਮਚਾਰੀਆਂ ਨੂੰ ਰਾਤ ਸਮੇਂ ਹੈਲਪਰ ਤੋਂ ਬਗੈਰ ਬਹੁਤ ਜ਼ੋਖਮ ਭਰੀ ਡਿਊਟੀ ਮੁਸ਼ਕਿਲ ਹਾਲਤਾਂ ਵਿਚ ਜਿਥੇ ਇਕੱਲਿਆ ਨਿਭਾਉਣੀ ਪੈਂਦੀ ਹੈ, ਉਥੇ ਬੰਦ ਬਿਜਲੀ ਸਪਲਾਈ ਤੋਂ ਭੜਕੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਪਰ ਸਰਕਾਰ ਅਤੇ ਅਦਾਰੇ ਦੀ ਮੈਨੇਜ਼ਮੈਂਟ ਸਾਰੇ ਮਾਹੌਲ ਤੋਂ ਬੇਖਰ ਕੋਈ ਵੀ ਲੋੜੀਂਦੇ ਕਦਮ ਨਹੀਂ ਉਠਾ ਰਹੀ | ਆਗੂਆਂ ਵਲੋਂ ਮੈਨੇਜ਼ਮੈਂਟ ਤੋਂ ਮੰਗ ਕਰਦਿਆਂ ਕਿਹਾ ਕਿ ਜੇਕਰ ਗਰਿੱਡਾਂ 'ਤੇ ਤਾਇਨਾਤ ਕਿਸੇ ਕਰਮਚਾਰੀ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਜਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ |