ਤਰਨ ਤਾਰਨ, 27 ਅਪ੍ਰੈਲ (ਹਰਿੰਦਰ ਸਿੰਘ)- ਕਾਰ ਪਾਰਕਿੰਗ ਨੂੰ ਲੈ ਕੇ ਮਹਿਲਾ ਸਿਪਾਹੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਤਰਨ ਤਾਰਨ ਪੁਲਿਸ ਨੇ 2 ਔਰਤਾਂ ਸਮੇਤ 5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਕੁਲਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਦਬੁਰਜੀ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਪੰਜਾਬ ਪੁਲਿਸ ਵਿਚ ਥਾਣਾ ਚਾਟੀਵਿੰਡ ਜ਼ਿਲ੍ਹਾ ਅੰਮਿ੍ਤਸਰ ਵਿਖੇ ਤਾਇਨਾਤ ਹਾਂ | ਮੈਂ ਡਿਊਟੀ ਤੋੋਂ ਘਰ ਆਈ ਸੀ ਤਾਂ ਮੇਰਾ ਪਤੀ ਬਿਜਲੀ ਮਹਿਕਮੇ ਵਿਚ ਡਿਊਟੀ ਕਰਦਾ ਹੈ, ਜੋ ਕਰੀਬ ਸਵਾ 9 ਵਜੇ ਘਰ ਦੇ ਲਾਗੇ ਆਇਆ ਤਾਂ ਦੇਖਿਆ ਕਿ ਮੇਰੇ ਸਹੁਰੇ ਨਾਲ ਸਾਡੇ ਗੁਆਂਢੀ ਕਾਰ ਪਾਰਕਿੰਗ ਕਰਨ ਤੋੋਂ ਬਹਿਸਬਾਜੀ ਕਰ ਰਹੇ ਸੀ | ਮੇਰਾ ਪਤੀ ਮੇਰੇ ਸਹੁਰਾ ਨੂੰ ਘਰ ਲੈ ਕੇ ਬਾਹਰਲਾ ਗੇਟ ਬੰਦ ਕਰਨ ਲੱਗਾ ਤਾਂ ਸਾਡੇ ਗੁਆਂਢੀਆਂ ਮਨਦੀਪ ਸਿੰਘ ਪੁੱਤਰ ਪ੍ਰਗਟ ਸਿੰਘ, ਪ੍ਰਮਜੀਤ ਕੌਰ ਪਤਨੀ ਮਨਦੀਪ ਸਿੰਘ, ਬਿਕਰਮਜੀਤ ਸਿੰਘ ਪੁੱਤਰ ਸਤਨਾਮ ਸਿੰਘ, ਸਤਨਾਮ ਸਿੰਘ ਪੁੱਤਰ ਪ੍ਰਗਟ ਸਿੰਘ, ਰਾਜ ਕੌਰ ਪਤਨੀ ਪ੍ਰਗਟ ਸਿੰਘ ਵਾਸੀਆਨ ਪਿੰਡ ਦਬੁਰਜੀ ਨੇ ਮੇਰੇ ਘਰ ਵਾਲੇ ਅਤੇ ਮੇਰੇ ਸਹੁਰੇ ਦੀ ਸਾਡੇ ਘਰ ਆ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਮੈਂ ਆਪਣੇ ਕਮਰੇ ਵਿਚੋਂ ਬਾਹਰ ਆ ਕੇ ਆਪਣੇ ਪਤੀ ਨੂੰ ਛੁਡਾਉਣ ਲੱਗੀ ਤਾਂ ਸਾਡੇ ਗੁਆਂਢੀਆਂ ਨੇ ਮੇਰੇ ਵਾਲ ਖਿੱਚੇ ਤੇ ਮੇਰੇ 'ਤੇ ਆਪਣੇ ਦਸਤੀ ਹਥਿਆਰ ਪਿਸਟਲ ਦੇ ਬੱਟ ਦਾ ਵਾਰ ਮੇਰੀ ਛਾਤੀ 'ਤੇ ਕੀਤਾ | ਦੂਜੇ ਵਿਅਕਤੀ ਨੇ ਮੇਰੇ ਦਾਤਰੀ ਨਾਲ ਟੀ ਸ਼ਰਟ ਫਾੜ ਦਿੱਤੀ ਤੇ ਫਿਰ ਮੇਰੀ ਬਾਂਹ ਤੇ ਪਿਸਟਲ ਦਾ ਬੱਟ ਮਾਰੀਆ ਤੇ ਮੇਰੇ ਪਤੀ ਅਤੇ ੇ ਸਹੁਰੇ ਨਾਲ ਬਹੁਤ ਕੁੱਟਮਾਰ ਕੀਤੀ ਅਤੇ ਮੌਕੇ ਤੋਂ ਹਥਿਆਰਾਂ ਸਮੇਤ ਫ਼ਰਾਰ ਹੋ ਗਏ | ਉਹ ਸਿਵਲ ਹਸਪਤਾਲ ਤਰਨ ਤਾਰਨ ਇਲਾਜ ਅਧੀਨ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਭੇਜ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |