ਤਰਨ ਤਾਰਨ, 27 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਖਾਲੜਾ ਦੀ ਪੁਲਿਸ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਅਸਲ੍ਹਾ ਮੰਗਵਾਉਣ ਵਾਲੇ ਗਰੋਹ ਦੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦਕਿ ਇਕ ਵਿਅਕਤੀ ਫ਼ਰਾਰ ਹੈ | ਇਸ ਸੰਬੰਧੀ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਖਾਲੜਾ ਦੇ ਏ.ਐੱਸ.ਆਈ. ਗੁਰਨਾਮ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਮਾੜੀਮੇਘਾ ਨਜ਼ਦੀਕ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅਰਸ਼ਦੀਪ ਸਿੰਘ ਪੁੱਤਰ ਗੁਰਸਾਹਿਬ ਸਿੰਘ, ਸਟਿਫਨ ਮਸੀਹ ਪੁੱਤਰ ਮਰਕਸ ਸਿੰਘ, ਮਹੇਸ਼ ਉਰਫ ਆਸ਼ੂ ਪੁੱਤਰ ਥੋਮਸ ਮਸੀਹ ਵਾਸੀਆਨ ਮਾੜੀਮੇਘਾ ਪਾਕਿਸਤਾਨ ਤੋਂ ਡਰੋਨ ਰਾਹੀਂ ਅਸਲਾ ਮੰਗਵਾਉਂਦੇ ਹਨ ਅਤੇ ਅੱਜ ਵੀ ਬਾਂਗ ਨਾਖਾਂ ਖੇਤਾਂ ਵਿਚ ਕੁਝ ਲੱਭ ਰਹੇ ਹਨ, ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਨਾਜਾਇਜ ਅਸਲੇ ਸਮੇਤ ਕਾਬੂ ਆ ਸਕਦੇ ਹਨ ਤਾਂ ਤੁਰੰਤ ਉਨ੍ਹਾਂ ਬੀ.ਸੀ.ਐੱਫ਼ 115 ਬਟਾਲੀਅਨ ਦੇ ਕੰਪਨੀ ਕਮਾਂਡਰ ਮੁਰਾਰੀ ਲਾਲ ਸ਼ਰਮਾ ਨੂੰ ਸੂਚਨਾ ਦਿੱਤੀ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਨਾਂਖਾ ਵਾਲਾ ਬਾਗ ਕੋਲ ਪੁੱਜੇ ਤਾਂ ਇਕ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਭੱਜ ਗਿਆ ਜਦਕਿ 2 ਨੌਜਵਾਨਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਪਾਸੋਂ 2 ਪਿਸਟਲ ਗਲੋਕ ਸਮੇਤ 2 ਖਾਲੀ ਮੈਗਜੀਨ ਅਤੇ ਇਕ ਮੋਟਰਸਾਈਕਲ ਨੰਬਰ ਪੀ.ਬੀ.46 ਐੱਨ 2015 ਬਰਾਮਦ ਕੀਤਾ ਹੈ | ਕਾਬੂ ਨੌਜਵਾਨਾਂ ਦੀ ਪਛਾਣ ਅਰਸ਼ਦੀਪ ਸਿੰਘ ਅਤੇ ਸਟਿਫਨ ਮਸੀਹ ਵਜੋਂ ਹੋਈ ਹੈ ਜਦਕਿ ਮਹੇਸ਼ ਉਰਫ ਆਸ਼ੂ ਫ਼ਰਾਰ ਹੈ | ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਖਿਲਾਫ਼ ਥਾਣਾ ਖਾਲੜਾ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ |