ਤਰਨ ਤਾਰਨ, 27 ਅਪ੍ਰੈਲ (ਇਕਬਾਲ ਸਿੰਘ ਸੋਢੀ)-ਤਰਨ ਤਾਰਨ ਸ਼ਹਿਰ ਦੇ ਮੁੱਖ ਮਾਰਗ ਜੰਡਿਆਲਾ ਰੋਡ 'ਤੇ ਪੈਂਦਾ ਰੇਲਵੇ ਫਾਟਕ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ ਕਿਉਂਕਿ ਦਿਨ ਵਿਚ ਕਈ ਵਾਰ ਰੇਲ ਗੱਡੀਆਂ ਲੰਘਣ ਸਮੇਂ ਇਹ ਫਾਟਕ ਅਕਸਰ ਬੰਦ ਰਹਿੰਦਾ ਹੈ, ਜਿਸ ਕਾਰਨ ਰਾਹਗੀਰਾਂ ਅਤੇ ਸਥਾਨਿਕ ਸ਼ਹਿਰ ਨਿਵਾਸੀਆਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪ੍ਰੰਤੂ ਪੰਜਾਬ ਸਰਕਾਰ ਜਾਂ ਰੇਲਵੇ ਵਿਭਾਗ ਇਸ ਤਰਫ਼ ਕੋਈ ਧਿਆਨ ਨਹੀਂ ਦੇ ਰਿਹਾ | ਜੇਕਰ ਗੱਲ ਕਰੀਏ ਤਰਨ ਤਾਰਨ ਸ਼ਹਿਰ ਦੇ ਮੁੱਖ ਮਾਰਗ ਜੰਡਿਆਲਾ ਰੋਡ ਉਪਰ ਬਣੇ ਰੇਲਵੇ ਫਾਟਕ ਦੀ ਤਾਂ ਰੋਜ਼ਾਨਾ ਅੰਮਿ੍ਤਸਰ ਤੋਂ ਖੇਮਕਰਨ ਨੂੰ ਡੀ.ਐੱਮ.ਯੂ. ਰੇਲ ਗੱਡੀ ਦਿਨ 'ਚ ਕਈ ਵਾਰ ਲੰਘਦੀ ਰਹਿੰਦੀ ਹੈ ਅਤੇ ਮਾਲ ਗੱਡੀਆਂ ਵੀ ਲੰਘਦੀਆਂ ਰਹਿੰਦੀਆਂ ਹਨ, ਜਿਸ ਕਾਰਨ ਫਾਟਕ ਅਕਸਰ ਬੰਦ ਰਹਿੰਦਾ ਹੈ ਅਤੇ ਇਸ ਮਾਰਗ ਉਪਰ ਲੋਕਾਂ ਦੀ ਆਵਾਜਾਈ ਜਿਆਦਾ ਹੋਣ ਕਾਰਨ ਫਾਟਕ ਬੰਦ ਹੋਣ ਸਮੇਂ ਵਾਹਨਾਂ ਦਾ ਭਾਰੀ ਜਾਮ ਲੱਗ ਜਾਂਦਾ ਹੈ ਅਤੇ ਲੋਕ ਜਾਮ 'ਚ ਕਈ-ਕਈ ਚਿਰ ਫਸੇ ਰਹਿੰਦੇ ਹਨ | ਜੰਡਿਆਲਾ ਰੋਡ ਸ਼ਹਿਰ ਦਾ ਮੁੱਖ ਮਾਰਗ ਹੋਣ ਤੋਂ ਇਲਾਵਾ ਇਹ ਸੜਕ ਸ਼ਹਿਰ ਨੂੰ ਜੰਡਿਆਲਾ ਬਾਈਪਾਸ ਨਾਲ ਜੋੜਦੀ ਹੈ, ਉੱਥੇ ਇਹ ਸੜਕ ਬੱਸ ਅੱਡੇ, ਦਾਣਾ ਮੰਡੀ ਨੂੰ ਜਾਂਦੀ ਹੈ | ਇਸ ਤੋਂ ਇਲਾਵਾ ਇਸ ਸੜਕ ਉਪਰ ਕਈ ਸਰਕਾਰੀ, ਪ੍ਰਾਈਵੇਟ ਸਕੂਲ, ਕਾਲਜ ਅਤੇ ਹਸਪਤਾਲ ਹਨ, ਜਿਸ ਕਾਰਨ ਇਸ ਸੜਕ ਉਪਰ ਲੋਕਾਂ ਦੀ ਭਾਰੀ ਆਵਾਜਾਈ ਰਹਿੰਦੀ ਹੈ | ਫਾਟਕ ਬੰਦ ਹੋਣ ਸਮੇਂ ਸਕੂਲੀ ਬੱਚੇ, ਮੁਲਾਜ਼ਮ, ਬੱਸ ਅੱਡੇ ਅਤੇ ਦਾਣਾ ਮੰਡੀ ਵਿਚ ਆਪਣੀ ਫਸਲ ਲੈ ਕੇ ਜਾਣ ਵਾਲੇ ਕਿਸਾਨ ਜਾਮ ਵਿਚ ਫਸ ਜਾਂਦੇ ਹਨ, ਜਿਸ ਕਾਰਨ ਭਰ ਗਰਮੀ ਵਿਚ ਉਨ੍ਹਾਂ ਨੂੰ ਜਾਮ ਵਿਚ ਫਸੇ ਰਹਿਣਾ ਪੈਂਦਾ ਹੈ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਤੋਂ ਇਲਾਵਾ ਜਦੋਂ ਫਾਟਕ ਬੰਦ ਹੁੰਦਾ ਹੈ ਤਾਂ ਲੋਕ ਕਾਹਲੀ ਵਿਚ ਆਪਣੇ ਵਾਹਨਾਂ ਨੂੰ ਬੰਦ ਫਾਟਕ ਥੱਲਿਓ ਲੰਘਾਉਂਦੇ ਦੇਖੇ ਜਾ ਸਕਦੇ ਹਨ, ਜਿਸ ਕਾਰਨ ਗੱਡੀ ਆਉਣ ਸਮੇਂ ਕਿਸੇ ਸਮੇਂ ਵੀ ਵੱਡਾ ਹਾਦਸਾ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਫਾਟਕ ਬੰਦ ਹੋਣ ਸਮੇਂ ਟ੍ਰੈਫਿਕ ਜਾਮ ਨੂੰ ਕੰਟੋਰਲ ਕਰਨ ਲਈ ਕੋਈ ਵੀ ਟ੍ਰੈਫਿਕ ਪੁਲਿਸ ਦਾ ਮੁਲਜ਼ਮ ਦੀ ਪੱਕੀ ਤਾਇਨਤੀ ਨਹੀਂ ਹੈ, ਜਿਸ ਕਾਰਨ ਵਾਹਨ ਚਾਲਕ ਆਪਣੇ ਵਾਹਨਾਂ ਨੂੰ ਲਾਈਨਾਂ ਵਿਚ ਲਗਾਉਣ ਦੀ ਬਜਾਏ ਬੇਢੰਗੇ ਤਰੀਕੇ ਨਾਲ ਖੜਾ ਕਰ ਦਿੰਦੇ ਹਨ | ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਵਲੋਂ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰ ਸਮੇਂ ਵਿਧਾਇਕਾਂ ਨੂੰ ਜੰਡਿਆਲਾ ਰੋਡ ਫਾਟਕ ਉਪਰ ਪੁਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਕਿਸੇ ਵੀ ਸਰਕਾਰ ਨੇ ਪੁਲ ਬਣਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਚਾਰ ਸਾਲ ਬੀਤ ਚੁੱਕੇ ਹਨ ਹਾਲੇ ਤੱਕ ਇਸ ਫਾਟਕ ਉਪਰ ਪੁਲ ਨਹੀਂ ਬਣ ਸਕਿਆ, ਜਿਸ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰਬੰਧੀ ਉਘੇ ਸਮਾਜ ਸੇਵਕ ਅਤੇ ਸਾਬਕਾ ਕੌਂਸਲਰ ਡਾ. ਸੁਖਦੇਵ ਸਿੰਘ ਲੌਹੁਕਾ ਨੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਾਸੋਂ ਮੰਗ ਕੀਤੀ ਕਿ ਤਰਨ ਤਾਰਨ ਸ਼ਹਿਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਲੋਂ ਵਸਾਈ ਹੋਈ ਪਵਿੱਤਰ ਨਗਰੀ ਹੈ, ਜਿਥੇ ਰੋਜ਼ਾਨਾ ਹੀ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਹਨ ਅਤੇ ਫਾਟਕ ਬੰਦ ਹੋਣ ਸਮੇਂ ਜਿਥੇ ਸ਼ਹਿਰ ਨਿਵਾਸੀਆਂ ਨੂੰ ਮੁਸ਼ਕਿਲਾਂ ਪੇਸ਼ ਆ ਆਉਂਦੀਆਂ ਹਨ, ਉਥੇ ਸੰਗਤਾਂ ਵੀ ਪ੍ਰੇਸ਼ਾਨ ਹੁੰਦੀਆਂ ਹਨ, ਇਸ ਲਈ ਸ਼ਹਿਰ ਦੀ ਇਤਿਹਾਸਕ ਮਹੱਤਤਾ ਨੂੰ ਸਮਝਦੇ ਹੋਏ ਜੰਡਿਆਲਾ ਰੋਡ ਫਾਟਕ ਉਪਰ ਪੁਲ ਜਲਦ ਤੋਂ ਜਲਦ ਬਣਾਉਣ ਦੀ ਕਾਰਵਾਈ ਕੀਤੀ ਜਾਵੇ |