ਖਡੂਰ ਸਾਹਿਬ, 1 ਮਈ (ਰਸ਼ਪਾਲ ਸਿੰਘ ਕੁਲਾਰ)-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਅੰਮਿ੍ਤਸਰ ਤੋਂ ਚੱਲਦੀਆਂ ਰੇਲ ਗੱਡੀਆਂ ਵਿਚ ਬੁਕਿੰਗ ਜ਼ਿਆਦਾ ਹੋਣ ਕਰਕੇ ਇੱਕ ਹੋਰ ਰੇਲਗੱਡੀ ਚਲਾਉਣੀ ਚਾਹੀਦੀ ਹੈ, ਕਿਉਂਕਿ ਪੰਜਾਬ ਦੀ ਧਰਤੀ ਤੋਂ ਸਾਹਿਬ-ਏ-ਕਮਾਲ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਲਈ ਰੋਜ਼ਾਨਾ ਹੀ ਹਜ਼ਾਰਾਂ ਸ਼ਰਧਾਲੂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨਾਂਦੇੜ ਸਾਹਿਬ ਨੂੰ ਰੇਲ ਗੱਡੀਆਂ ਤੇ ਸਫ਼ਰ ਕਰਕੇ ਜਾਂਦੇ ਹਨ, ਪਰ ਰੇਲਗੱਡੀਆਂ ਵਿਚ ਖਾਸ ਕਰਕੇ ਅੰਮਿ੍ਤਸਰ ਤੋਂ ਚੱਲਦੀਆਂ ਰੇਲ ਗੱਡੀਆਂ ਵਿਚ ਦੋ-ਦੋ ਮਹੀਨਿਆਂ ਦੀ ਬੁਕਿੰਗ ਹੋਣ ਕਰਕੇ ਸੰਗਤ ਨੂੰ ਟਿਕਟਾਂ ਨਹੀਂ ਮਿਲਦੀਆਂ, ਜਿਸ ਕਾਰਨ ਬਹੁਤ ਸਾਰੀ ਸੰਗਤ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਮੇਘ ਸਿੰਘ ਪ੍ਰੈਸ ਸਕੱਤਰ ਹਲਕਾ ਖਡੂਰ ਸਾਹਿਬ ਨੇ ਕਰਦਿਆਂ ਕੇਂਦਰ ਸਰਕਾਰ ਅਤੇ ਪੰਜਾਬ ਤੋਂ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੋਂ ਮੰਗ ਕੀਤੀ ਕਿ ਅੰਮਿ੍ਤਸਰ ਤੋਂ ਇਕ ਹੋਰ ਰੇਲਗੱਡੀ ਚਲਾਈ ਜਾਵੇ, ਤਾਂ ਜੋ ਸੰਗਤਾਂ ਖੁਸ਼ੀ ਖੁਸ਼ੀ ਆਪਣੇ ਦਸਵੇਂ ਪਾਤਸ਼ਾਹ ਦੇ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰ ਸਕਣ | ਇਸ ਮੌਕੇ ਉਨ੍ਹਾਂ ਨਾਲ ਇਕਬਾਲ ਸਿੰਘ ਬਮਰਾਹ, ਬਲਵੰਤ ਸਿੰਘ ਬੁਮਰਾਹ, ਕੁਲਵੰਤ ਸਿੰਘ ਭੁੱਲਰ ਤੇ ਜਸਪਾਲ ਸਿੰਘ ਬਮਰਾਹ ਵੀ ਹਾਜ਼ਰ ਸਨ |