ਝਬਾਲ, 5 ਮਈ (ਸਰਬਜੀਤ ਸਿੰਘ)-ਪਿਛਲੇ ਸਮੇਂ ਦੌਰਾਨ ਈਰਾਨ ਦੀ ਜੰਗ ਦੌਰਾਨ ਗੈਸ ਦੀ ਪਈ ਕਿੱਲਤ ਕਾਰਨ ਅੱਜ ਵੀ ਕਈ ਖਪਤਕਾਰ ਗੈਸ ਸਿਲੰਡਰ ਲੈਣ ਲਈ ਜਿੱਥੇ ਪਿਛਲੇ ਕਈ ਦਿਨਾਂ ਤੋਂ ਖੱਜਲ ਖ਼ਰਾਬ ਹੋ ਰਹੇ ਹਨ, ਉਥੇ ਹੀ ਭਰ ਗਰਮੀ ਵਿਚ ਸਾਰਾ-ਸਾਰਾ ਦਿਨ ਲੈਣਾ ਵਿਚ ਲੱਗੇ ਹੋਏ ਬਹੁਤ ਹੀ ਪ੍ਰੇਸ਼ਾਨ ਹੋਏ ਫਿਰਦੇ ਹਨ | ਇਸ ਸੰਬੰਧੀ ਇਲਾਕੇ ਵਿਚ ਲੱਖਾ ਸਿੰਘ ਵਾਸੀ ਮੱਜੂਪੁਰ ਵਲੋਂ ਵਾਇਰਲ ਕੀਤੀ ਇਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਲੱਖਾ ਸਿੰਘ ਵਲੋਂ ਵਸਣ ਗੈਸ ਏਜੰਸੀ ਅੱਡਾ ਝਬਾਲ ਵਿਖੇ ਕਰਵਾਈ ਆਪਣੀ ਵਾਰ-ਵਾਰ ਬੁਕਿੰਗ ਸਿਲੰਡਰ ਏਜੰਸੀ ਵਲੋਂ ਨਾ ਦੇਣ ਕਰ ਕਰਕੇ ਜਿੱਥੇ ਪੇ੍ਰਸ਼ਾਨ ਹੋਣਾ ਦੱਸਿਆ ਜਾ ਰਿਹਾ ਹੈ, ਉੱਥੇ ਹੀ ਉਨ੍ਹਾਂ ਵਲੋਂ ਵਾਇਰਲ ਵੀਡੀਓ ਵਿਚ ਵੀ ਇਹ ਦੋਸ਼ ਲਗਾਏ ਜਾ ਰਹੇ ਹਨ ਕਿ ਏਜੰਸੀ ਵਿਚੋਂ ਬਲੈਕ ਸਿਲੰਡਰ ਸ਼ਰੇਆਮ ਮਿਲਦੇ ਹਨ ਅਤੇ ਉਹ ਕਿਸੇ ਵੇਲੇ ਵੀ ਜਾ ਕੇ ਲਿਆ ਸਕਦੇ ਹਾਂ | ਵਸਣ ਗੈਸ ਏਜੰਸੀ ਝਬਾਲ ਵਿਖੇ ਕਰਵਾਈ ਬੁਕਿੰਗ ਦੇ ਬਾਵਜੂਦ ਗੈਸ ਸਿਲੰਡਰ ਨਾ ਮਿਲਣ ਦੇ ਦੋਸ਼ ਲਾਉਂਦਿਆਂ ਲੱਖਾ ਸਿੰਘ ਤੋਂ ਇਲਾਵਾ ਬਾਬਾ ਨਿਸ਼ਾਨ ਸਿੰਘ ਝਬਾਲ, ਲਾਭ ਸਿੰਘ ਝਬਾਲ. ਕੁੰਨਣ ਸਿੰਘ ਅਤੇ ਹੋਰ ਵੀ ਇਲਾਕਾ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਆਪਣੀ ਬੁਕਿੰਗ ਕਰਾਉਣ ਦੇ ਬਾਵਜੂਦ ਪਿਛਲੇ ਕਈ ਦਿਨਾਂ ਤੋਂ ਗੈਸ ਸਿਲੰਡਰ ਲੈਣ ਲਈ ਭਰ ਗਰਮੀ ਵਿਚ ਤਿੱਖੜ ਦੁਪਹਿਰਾਂ ਵਿਚ ਬੈਠੇ ਹੋਏ ਖੱਜਲ ਖਰਾਬ ਹੋ ਰਹੇ ਹਾਂ ਅਤੇ ਇੱਥੇ ਪਹੁੰਚਣ ਤੇ ਹਰ ਵਾਰੀ ਸਾਨੂੰ ਇਹ ਆਖ ਦਿੱਤਾ ਜਾਂਦਾ ਹੈ ਕਿ ਅਜੇ ਗੈਸ ਦੀ ਗੱਡੀ ਨਹੀਂ ਆਈ ਜਾਂ ਫਿਰ ਤੁਸੀਂ ਦੁਬਾਰਾ ਆਪਣੀ ਗੈਸ ਬੁਕਿੰਗ ਕਰਵਾਓ, ਜੋ ਖਪਤਕਾਰਾਂ ਨਾਲ ਸਰਾਸਰ ਧੱਕਾ ਹੈ | ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਬੁਕਿੰਗ ਕਰਾਏ ਗੈਸ ਸਿਲੰਡਰ ਖਪਤਕਾਰਾਂ ਨੂੰ ਦਵਾਏ ਜਾਣ, ਤਾਂ ਜੋ ਲੋਕ ਏਜੰਸੀ ਵਿਚ ਵਾਰ ਵਾਰ ਆ ਕੇ ਖੱਜਲ ਖਰਾਬ ਨਾ ਹੋਣਾ ਪਵੇ | ਇਸ ਸੰਬੰਧੀ ਜਦੋਂ ਵਸਣ ਗੈਸ ਏਜੰਸੀ ਝਬਾਲ ਦੇ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਬਲੈਕ ਵਿਚ ਸਿਲੰਡਰ ਵੇਚੇ ਜਾਣ ਦੇ ਦੋਸ਼ ਨਕਾਰਦਿਆਂ ਆਖਿਆ ਕਿ ਅਸੀਂ ਬੁਕਿੰਗ ਵਾਲੇ ਗੈਸ ਸਿਲੰਡਰ ਬਾਕਾਇਦਾ ਲੋਕਾਂ ਨੂੰ ਸਮੇਂ ਸਿਰ ਦੇ ਰਹੇ ਹਾਂ ਜਦੋਂ ਕਿ ਲੋਕਾਂ ਨੂੰ ਆ ਰਹੀਆਂ ਇਨ੍ਹਾਂ ਮੁਸ਼ਕਿਲਾਂ ਸੰਬੰਧੀ ਜਦੋਂ ਐੱਸ.ਡੀ.ਐੱਮ. ਤਰਨ ਤਾਰਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਹ ਮਸਲਾ ਹੁਣ ਮੇਰੇ ਧਿਆਨ ਵਿੱਚ ਆ ਚੁੱਕਾ ਹੈ ਇਸ ਬਾਰੇ ਜਲਦੀ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ | ਇਸ ਸੰਬੰਧੀ ਏ.ਐੱਫ.ਐੱਸ.ਓ. ਮੋਹਨਜੀਤ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਆਖਿਆ ਕਿ ਇਸ ਸੰਬੰਧੀ ਜਾਂਚ ਕਰਕੇ ਕਾਰਵਾਈ ਕਰਾਂਗੇ ਅਤੇ ਲੋਕਾਂ ਨੂੰ ਬੁਕਿੰਗ ਦੇ ਸਿਲੰਡਰ ਬਾਕਾਇਦਾ ਸਮੇਂ ਸਿਰ ਮੁਹੱਈਆ ਕਰਵਾਏ ਜਾਣਗੇ | ਜਦੋਂ ਕਿ ਲੋਕਾਂ ਦੀ ਇਸ ਵੱਡੀ ਬਣਦੀ ਜਾ ਰਹੀ ਮੁਸ਼ਕਿਲ ਸੰਬੰਧੀ ਤਹਿਸੀਲਦਾਰ ਝਬਾਲ ਨੂੰ ਵੀ ਜਾਣੂ ਕਰਵਾਇਆ ਗਿਆ |