ਝਬਾਲ, 6 ਮਈ (ਸਰਬਜੀਤ ਸਿੰਘ)-ਕਣਕ ਦੇ ਚੱਲ ਰਹੇ ਸੀਜਨ ਦੌਰਾਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦਾਣਾ ਮੰਡੀ ਝਬਾਲ ਵਿਚ ਕਿਸਾਨਾਂ-ਮਜ਼ਦੂਰਾਂ ਅਤੇ ਆੜ੍ਹਤੀਆਂ ਦੀ ਸਹੂਲਤ ਲਈ ਸਾਰੇ ਹੀ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਕਿਸੇ ਨੂੰ ਵੀ ਸੀਜਨ ਦੌਰਾਨ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਗਈ ਅਤੇ ਅੱਗੇ ਵੀ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਹ ਵਿਚਾਰ ਮਾਰਕੀਟ ਕਮੇਟੀ ਝਬਾਲ ਦੇ ਸੈਕਟਰੀ ਸਤਿੰਦਰ ਰੂਪ ਗਿੱਲ ਅਤੇ ਮੰਡੀ ਸੁਪਰਵਾਈਜ਼ਰ ਭੁਪਿੰਦਰਜੀਤ ਸਿੰਘ ਢਿੱਲੋਂ ਨੇ ਗੱਲਬਾਤ ਦੌਰਾਨ ਪ੍ਰਗਟ ਕੀਤੇ | ਉਨ੍ਹਾਂ ਆਖਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਿਆ ਗਿਆ ਹੈ ਅਤੇ ਨਿਰਵਿਘਨ ਅਦਾਇਗੀ ਕੀਤੀ ਗਈ ਹੈ, ਜਿਸ ਨਾਲ ਮੰਡੀ ਵਿਚ ਆਉਣ ਵਾਲੇ ਸਾਰੇ ਹੀ ਕਿਸਾਨ ਅਤੇ ਮਜ਼ਦੂਰ ਵੀਰ ਖੁਸ਼ ਦਿਖਾਈ ਦਿੱਤੇ ਹਨ | ਉਨ੍ਹਾਂ ਆਖਿਆ ਕਿ ਕਿਸਾਨਾਂ ਦੀ ਸਹੂਲਤ ਲਈ ਦਾਣਾ ਮੰਡੀ ਵਿਚ ਪੱਕੇ ਫੜ ਅਤੇ ਸ਼ੈਡ ਵੀ ਬਣਾਏ ਗਏ ਹਨ ਅਤੇ ਪੀਣ ਵਾਲੇ ਪਾਣੀ ਦੇ ਖਾਸ ਪ੍ਰਬੰਧ ਕੀਤੇ ਗਏ ਹਨ, ਜਿਸ ਨਾਲ ਕਿਸਾਨਾਂ ਨੂੰ ਵੱਡਾ ਲਾਭ ਮਿਲਿਆ | ਇਸ ਮੌਕੇ ਉਹਨਾਂ ਦੇ ਨਾਲ ਹੋਰ ਵੀ ਆਗੂ ਹਾਜ਼ਰ ਸਨ |