ਤਰਨ ਤਾਰਨ, 6 ਮਈ (ਪਰਮਜੀਤ ਜੋਸ਼ੀ)-ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਸਵੱਛਤਾ ਤੇ ਵਿਕਾਸ ਕਾਰਜਾਂ ਦੀਆਂ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਜੋ ਕਿ ਸੱਚਾਈ ਤੋਂ ਕੋਹਾਂ ਦੂਰ ਹਨ, ਜਿਸ ਦੀ ਤਾਜਾ ਮਿਸਾਲ ਕਸਬਾ ਮੁਰਾਦਪੁਰਾ ਤੋਂ ਮਿਲਦੀ ਹੈ, ਜਿਥੇ ਸੀਵਰੇਜ ਸਿਸਟਮ ਦਾ ਬੁਰਾ ਹਾਲ ਹੋਇਆ ਪਿਆ ਹੈ | ਸੀਵਰੇਜ ਦਾ ਓਵਰਫਲੋਅ ਗੰਦਾ ਪਾਣੀ ਗਲੀ, ਮੁਹੱਲਿਆਂ ਵਿਚ ਖੜਾ ਬਦਬੂ ਮਾਰ ਰਿਹਾ ਹੈ ਤੇ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਵੜ ਰਿਹਾ ਹੈ, ਜਿਸ ਕਾਰਨ ਲੋਕ ਨਰਕ ਭਰੀ ਜਿੰਦਗੀ ਜੀਣ ਲਈ ਮਜ਼ਬੂਰ ਹੋ ਰਹੇ ਹਨ | ਸੰਬੰਧਿਤ ਨਗਰ ਕੌਂਸਲ ਤਰਨ ਤਾਰਨ ਵਲੋਂ ਲੋਕਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਲੋਕਾਂ ਵਿਚ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਦੱਸਣਾ ਬਣਦਾ ਹੈ ਕਿ ਕਸਬਾ ਮੁਰਾਦਪੁਰਾ ਵਿਖੇ ਵੱਡੀ ਵਸੋਂ ਵਿਚ ਆਬਾਦੀ ਰਹਿੰਦੀ ਹੈ, ਪਰ ਇੱਥੋਂ ਦਾ ਸੀਵਰੇਜ ਸਿਸਟਮ ਅਕਸਰ ਜਾਮ ਰਹਿੰਦਾ ਹੈ, ਜਿਸਦੀ ਚੰਗੀ ਤਰ੍ਹਾਂ ਸਾਫ਼ ਸਫਾਈ ਨਾ ਹੋਣ ਕਾਰਨ ਸੀਵਰੇਜ ਓਵਰਫਲੋ ਹੋ ਕੇ ਵਗ ਰਹੇ ਹਨ ਅਤੇ ਸੀਵਰੇਜ ਦਾ ਗੰਦਾ ਪਾਣੀ ਗਲੀਆਂ, ਮੁਹੱਲੇ ਅਤੇ ਲੋਕਾਂ ਦੇ ਘਰਾਂ ਅੰਦਰ ਜਾ ਰਿਹਾ ਹੈ, ਜਿਸ ਕਾਰਨ ਜਿਥੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਭਿਆਨਕ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ | ਕਸਬਾ ਮੁਰਾਦਪੁਰਾ ਵਿਚ ਪੈਂਦੇ ਵਾਰਡ ਨੰਬਰ-15 ਵਿਖੇ ਕਈ ਸਾਲਾਂ ਤੋਂ ਸੀਵਰੇਜ ਸਮੱਸਿਆ ਬਣੀ ਹੋਈ ਹੈ, ਜਿਸ ਦਾ ਹਾਲੇ ਤੱਕ ਕੋਈ ਵੀ ਸਥਾਈ ਹੱਲ ਨਹੀਂ ਨਿਕਲ ਸਕਿਆ ਅਤੇ ਅਕਸਰ ਸੀਵਰੇਜ ਜਾਮ ਰਹਿਣ ਕਾਰਨ ਗਲੀਆਂ ਅਤੇ ਮੁਹੱਲੇ ਵਿਚ ਗੰਦਗੀ ਫੈਲ ਰਹੀ ਹੈ ਤੇ ਗੰਦੇ ਪਾਣੀ ਵਿਚੋਂ ਬੱਚੇ, ਬਜੁਰਗ ਅਤੇ ਲੋਕ ਲੰਘਣ ਲਈ ਮਜ਼ਬੂਰ ਹੋ ਰਹੇ ਹਨ | ਇਸ ਸੰਬੰਧੀ ਜਦੋਂ ਮੁਰਾਦਪੁਰਾ ਨਿਵਾਸੀ ਬਲਵਿੰਦਰ ਕੌਰ, ਸਤਵਿੰਦਰ ਕੌਰ, ਸੰਦੀਪ ਕੌਰ, ਸੁਮਨਦੀਪ ਕੌਰ, ਬਲਦੇਵ ਸਿੰਘ, ਦਲਬੀਰ ਸਿੰਘ, ਅਮਨਦੀਪ ਸਿੰਘ, ਅਰੁਣ ਸਿੰਘ, ਪਵਨਦੀਪ ਸਿੰਘ, ਵਰੁਣ ਸਿੰਘ, ਅਜੇ ਸਿੰਘ, ਕਰਨ ਸਿੰਘ, ਬਲਜੀਤ ਸਿੰਘ, ਐਨਾ ਕੌਰ, ਮਨਦੀਪ ਕੌਰ, ਕਿਰਨ ਕੌਰ ਆਦਿ ਤੋਂ ਇਲਾਵਾ ਹੋਰਨਾ ਦੱਸਿਆ ਕਿ ਮੁਰਾਦਪੁਰਾ ਵਿਖੇ ਸੀਵਰੇਜ ਸਿਸਟਮ ਕਈ ਸਾਲਾਂ ਤੋਂ ਬੁਰੀ ਹਾਲਤ ਵਿਚ ਹੈ ਅਤੇ ਅਕਸਰ ਜਾਮ ਹੀ ਰਹਿੰਦਾ ਹੈ ਅਤੇ ਗੰਦਾ ਪਾਣੀ ਮੁਹੱਲੇ ਤੇ ਗਲੀਆਂ ਵਿਚ ਖ਼ੜਾ ਰਹਿੰਦਾ ਹੈ, ਜਿਸ ਵਿਚੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ, ਉਥੇ ਸੀਵਰੇਜ ਦੇ ਗੰਦੇ ਪਾਣੀ ਵਿਚੋਂ ਬਦਬੂ ਆ ਰਹੀ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ | ਕਈ ਜਗ੍ਹਾ ਉਪਰ ਤਾਂ ਸੀਵਰੇਜ ਦਾ ਢੱਕਣ ਟੁੱਟੇ ਹੋਏ ਹਨ, ਜਿਸ ਕਾਰਨ ਕਿਸੇ ਸਮੇਂ ਵੀ ਕੋਈ ਬੱਚਾ ਜਾਂ ਹੋਰ ਕੋਈ ਵਿਅਕਤੀ ਡਿੱਗ ਸਕਦਾ ਹੈ ਅਤੇ ਹਾਦਸਾ ਹੋ ਸਕਦਾ ਹੈ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਤਰਨ ਤਾਰਨ ਵਲੋਂ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਸਿਆਸੀ ਧਿਰ ਦਾ ਮੁਹਤਬਰ ਲੀਡਰ ਉਨ੍ਹਾਂ ਦੀ ਸਮੱਸਿਆ ਵੱਲ ਧਿਆਨ ਦੇ ਰਿਹਾ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਤਰਨ ਤਾਰਨ ਪਾਸੋਂ ਮੰਗ ਕੀਤੀ ਕਿ ਕਸਬਾ ਮੁਰਾਦਪੁਰਾ ਵਿਖੇ ਸੀਵਰੇਜ ਦੀ ਸਮੱਸਿਆ ਦਾ ਸਥਾਈ ਹੱਲ ਕੱਢਣ ਲਈ ਨਗਰ ਕੌਂਸਲ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ |