ਝਬਾਲ, 6 ਮਈ (ਸੁਖਦੇਵ ਸਿੰਘ)-ਆਪਣੇ ਅੰਦਰ ਸਿੱਖ ਇਤਿਹਾਸ ਦੇ ਵੱਡੇ ਪੰਨੇ ਸਮੋਈ ਬੈਠਾ ਕਸਬਾ ਝਬਾਲ, ਜਿਸਦਾ ਸਬੰਧ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਚੁੱਕੇ ਸਿੰਘਾਂ ਨੂੰ ਮੁੜ ਗੁਰੂ ਦੇ ਲੜ ਲਾਕੇ ਸ਼ਹਾਦਤ ਪ੍ਰਾਪਤ ਕਰਨ ਵਾਲੀ ਮਾਤਾ ਭਾਗ ਕੌਰ ਜੀ ਨਾਲ ਹੈ | ਇਸ ਇਤਿਹਾਸ ਨੂੰ ਜਿੰਦਾ ਰੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਸਿੱਖ ਇਤਿਹਾਸਕਾਰ ਕਰਮ ਸਿੰਘ ਹਿਸਟੋਰਿਅਨ ਦੇ ਨਾਂਅ 'ਤੇ ਬਣੀ 'ਕਰਮ ਸਿੰਘ ਹਿਸਟੋਰੀਅਨ ਲਾਇਬ੍ਰੇਰੀ' ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ | ਇਸ ਲਾਇਬ੍ਰੇਰੀ ਦੀ ਸਥਾਪਨਾ ਮਰਹੂਮ ਕਾਮਰੇਡ ਮੋਤਾ ਸਿੰਘ ਝਬਾਲ ਵਲੋਂ ਕੀਤੀ ਗਈ ਸੀ, ਜਿਨ੍ਹਾਂ ਦਾ ਮੁੱਖ ਮਕਸਦ ਇਲਾਕੇ ਦੇ ਇਤਿਹਾਸ, ਸੱਭਿਆਚਾਰ ਤੇ ਵਿਰਸੇ ਨੂੰ ਇਕੱਠਾ ਕਰਕੇ ਲੋਕਾਂ ਤੱਕ ਪਹੁੰਚਾਉਣਾ ਹੈ | ਲਾਇਬ੍ਰੇਰੀ ਵਿਚ ਇਤਿਹਾਸਕ ਕਿਤਾਬਾਂ ਤੋਂ ਇਲਾਵਾ ਵਿਰਸੇ ਨਾਲ ਜੁੜੀ ਹੋਰ ਮਹੱਤਵਪੂਰਨ ਸਮੱਗਰੀ ਸੰਭਾਲ ਕੇ ਰੱਖੀ ਗਈ ਹੈ | ਲਾਇਬ੍ਰੇਰੀ ਦੀ ਪ੍ਰਧਾਨ ਅਮਨਦੀਪ ਕੌਰ ਬੱਲ ਬੜੀ ਲਗਨ ਅਤੇ ਮਿਹਨਤ ਨਾਲ ਇਸ ਸੰਸਥਾ ਨੂੰ ਅੱਗੇ ਵਧਾ ਰਹੇ ਹਨ | ਉੱਘੇ ਸਮਾਜ ਸੇਵਕ ਕਾ. ਯਸ਼ਪਾਲ ਝਬਾਲ, ਹਰਜੋਤ ਸਿੰਘ ਛਾਪਾ ਅਤੇ ਨਰਿੰਦਰ ਸਿੰਘ ਛਾਪਾ ਵਲੋਂ ਲਾਇਬ੍ਰੇਰੀ ਦਾ ਘੇਰਾ ਹੋਰ ਵਿਸ਼ਾਲ ਕਰਨ ਲਈ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ | ਇਨ੍ਹਾਂ ਦੀ ਰਹਿਨੁਮਾਈ ਹੇਠ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਲਈ ਵੱਖ-ਵੱਖ ਜਾਗਰੂਕਤਾ ਮੁਹਿੰਮਾਂ ਅਤੇ ਸਿੱਖਿਆਤਮਕ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ | ਬੁੱਧੀਜੀਵੀਆਂ ਅਤੇ ਸਮਾਜਿਕ ਕਾਰਕੁਨਾਂ ਵਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮਾਤਾ ਭਾਗ ਕੌਰ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੀ ਯਾਦ ਨੂੰ ਜਿਉਂਦਾ ਰੱਖਣਾ ਸਾਰਿਆਂ ਦੀ ਸਾਂਝੀ ਜਿੰਮੇਵਾਰੀ ਹੈ | ਇਸ ਲਾਇਬ੍ਰੇਰੀ ਵਿਚ ਲੋੜਵੰਦ ਵਿਦਿਆਰਥੀਆਂ ਦੇ ਪੜਣ ਲਈ ਮੁਫ਼ਤ ਕਿਤਾਬਾਂ ਤੇ ਬੈਠਣ ਲਈ ਵੱਡਾ ਹਾਲ ਹੈ | ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਲਾਇਬ੍ਰੇਰੀ ਵਿਚ ਇੰਟਰਨੈੱਟ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ |