ਤਰਨ ਤਾਰਨ, 9 ਮਈ (ਪਰਮਜੀਤ ਜੋਸ਼ੀ)ਜ਼ਿਲਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਵਿਦੇਸ਼ ਭੇਜਣ ਦੇ ਨਾਂਅ 'ਤੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਿਟੀ ਪੱਟੀ ਵਿਖੇ ਅਕਸ਼ੇ ਕੁਮਾਰ ਪੁੱਤਰ ਰਾਮ ਸ਼ਰਨ ਵਾਸੀ ਪੱਟੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਨੇ ਆਪਣੀ ਪਤਨੀ ਸਮੇਤ ਵਿਦੇਸ਼ ਜਾ ਕੇ ਸੈਟਲ ਹੋਣਾ ਸੀ | ਜਗਦੀਪ ਸਿੰਘ ਪੁੱਤਰ ਸਤਨਾਮ ਸਿੰਘ, ਸੁਖਮਿਸਨਰਜੀਤ ਸਿੰਘ ਪੁੱਤਰ ਸਤਨਾਮ ਸਿੰਘ, ਸਤਨਾਮ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪੱਟੀ ਵਲੋਂ ਉਸਨੂੰ ਅਤੇ ਉਸ ਦੀ ਪਤਨੀ ਬਿਪਨਦੀਪ ਕੌਰ ਨੂੰ ਆਇਰਲੈਂਡ ਵਰਕ ਵੀਜ਼ੇ ਉਪਰ ਭੇਜਣ 'ਤੇ 26 ਲੱਖ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ 16 ਲੱਖ ਰੁਪਏ ਐਡਵਾਂਸ ਦੇਣੇ ਪੈਣਗੇ ਅਤੇ ਬਾਕੀ ਦੀ ਰਕਮ ਆਇਰਲੈਂਡ ਪਹੁੰਚਣ 'ਤੇ ਦੇਣੀ ਪਵੇਗੀ | ਉਹ ਉਕਤ ਵਿਅਕਤੀਆਂ ਦੇ ਝਾਂਸੇ ਵਿਚ ਆ ਗਿਆ ਅਤੇਆਪਣੀ ਪਤਨੀ ਨਾਲ ਵਰਕ ਵੀਜੇ 'ਤੇ ਆਇਰਲੈਂਡ ਜਾਣ ਲਈ ਤਿਆਰ ਹੋ ਗਿਆ | ਉਸ ਨੇ ਕੁੱਲ 16 ਲੱਖ ਰੁਪਏ ਉਕਤ ਵਿਅਕਤੀਆਂ ਨੂੰ ਦੇ ਦਿੱਤੇ ਪਰ ਉਕਤ ਵਿਅਕਤੀਆਂ ਨੇ ਉਨਾਂ ਨੂੰ ਵਿਦੇਸ਼ ਨਹੀਂ ਭੇਜ ਸਕੇ ਅਤੇ ਉਸ ਨੂੰ ਕੇਵਲ 2 ਲੱਖ 90 ਹਜਾਰ ਰੁਪਏ ਹੀ ਵਾਪਸ ਕੀਤੇ ਅਤੇ ਬਾਕੀ 13 ਲੱਖ 10 ਹਜ਼ਾਰ ਰੁਪਏ ਵਾਪਸ ਨਾ ਕਰਕੇ ਉਸ ਨਾਲ ਠੱਗੀ ਮਾਰੀ ਹੈ | ਏ.ਐੱਸ.ਆਈ. ਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |