ਤਰਨ ਤਾਰਨ, 9 ਮਈ (ਹਰਿੰਦਰ ਸਿੰਘ)ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਭਗਵਾਨ ਵਾਲਮੀਕਿ ਜੀ ਖਿਲਾਫ਼ ਗਲਤ ਪ੍ਰਚਾਰ ਕਰਨ ਵਾਲੇ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਨਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਸ਼ਾਮ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੁਰਾਦਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਦਾਣਾ ਮੰਡੀ ਤਰਨ ਤਾਰਨ ਨਜ਼ਦੀਕ ਮੌਜੂਦ ਸੀ ਤਾਂ ਉਸ ਨੇ ਦੇਖਿਆ ਕਿ ਇਕ ਗੱਡੀ ਨੰਬਰ ਪੀ.ਬੀ. 30 ਏ.ਬੀ. 6387 ਵਿਚ ਇਕ ਨੌਜਵਾਨ ਉੱਚੀ ਉੱਚੀ ਬੋਲ ਕੇ ਇਕ ਕਿਤਾਬ ਜਿਸ ਦਾ ਨਾਮ 'ਹਮਾਰੇ ਸੰਤ ਮਹਾਂਪੁਰਸ਼ ਔਰ ਉਨਕਾ ਜੀਵਨ ਹੈ' ਹੱਥ ਵਿਚ ਫੜ ਕੇ ਪ੍ਰਚਾਰ ਕਰ ਰਹੇ ਸਨ ਜਿਨਾਂ ਨੂੰ ਵੇਖ ਕੇ ਮੈਂ ਉਨਾਂ ਪਾਸ ਚਲਾ ਗਿਆ ਅਤੇ ਮੈਂ ਉਨਾਂ ਪਾਸੋਂ ਕਿਤਾਬ ਲੈ ਕੇ ਪੜਨ ਲੱਖਾ ਤਾਂ ਕਿਤਾਬ ਦੇ 29 ਨੰਬਰ ਪੇਜ 'ਤੇ ਭਗਵਾਨ ਵਾਲਮੀਕਿ ਜੀ ਬਾਰੇ ਗਲਤ ਸ਼ਬਦਾਵਲੀ ਲਿਖੀ ਹੋਈ ਸੀ | ਜਦੋਂ ਮੈਂ ਉਨਾਂ ਨੂੰ ਪ੍ਰਚਾਰ ਕਰਨ ਤੋਂ ਰੋਕਿਆ ਤਾਂ ਉਹ ਨਹੀਂ ਰੁਕੇ ਅਤੇ ਪ੍ਰਚਾਰ ਕਰਨ ਲਈ ਨਿਕਲ ਗਏ, ਜਿਸ ਨਾਲ ਸਾਡੇ ਧਾਰਮਿਕ ਵਿਸਵਾਸ਼ ਦਾ ਅਪਮਾਨ ਹੋਇਆ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਭਜਨ ਲਾਲ ਪੁੱਤਰ ਗੁਰਦਿੱਤਾ ਵਾਸੀ ਦੀਵਾਨ ਖੇੜਾ ਅਬੋਹਰ ਜ਼ਿਲਾ ਫਾਜਲਿਕਾ ਅਤੇ ਬਲਜੀਤ ਸਿੰਘ ਪੁੱਤਰ ਸੁਖਬੀਰ ਸਿੰਘ ਵਾਸੀ ਈਨਾ ਖੇੜਾ ਵਾਸੀ ਮਲੋਟ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਖਿਲਾਫ਼ ਮਾਮਲਾ ਦਰਜ ਕਰਕੇ ਉਨਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |