ਤਰਨ ਤਾਰਨ, 13 ਮਈ (ਹਰਿੰਦਰ ਸਿੰਘ)-ਤਰਨ ਤਾਰਨ ਦੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੀ ਅਦਾਲਤ ਨੇ ਤਰਨਤਾਰਨ ਦੇ ਸੀਨੀਅਰ ਐਡਵੋਕੇਟ ਨਵਜੋਤ ਕੌਰ ਚੱਬਾ ਤੇ ਐਡਵੋਕੇਟ ਮਨੂੰਵੰਤ ਸਿੰਘ ਚੱਬਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਇਕ ਵਿਅਕਤੀ ਦੀ ਗੁੰਮਸ਼ੁਦਗੀ ਤੋਂ ਬਾਅਦ ਹੋਈ ਮੌਤ ਦੇ ਮਾਮਲੇ ਵਿਚ ਨਾਮਜ਼ਦ ਦੋ ਭਰਾਵਾਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ, ਜਦਕਿ ਇਨ੍ਹਾਂ ਦਾ ਤੀਸਰਾ ਭਰਾ ਪਹਿਲਾਂ ਹੀ ਜਾਂਚ ਦੌਰਾਨ ਕੇਸ ਤੋਂ ਬਾਹਰ ਹੋ ਚੁੱਕਾ ਹੈ | ਜਾਣਕਾਰੀ ਦਿੰਦਿਆਂ ਐਡਵੋਕੇਟ ਨਵਜੋਤ ਕੌਰ ਚੱਬਾ ਅਤੇ ਐਡਵੋਕੇਟ ਮਨੂੰਵੰਤ ਸਿੰਘ ਚੱਬਾ ਨੇ ਦੱਸਿਆ ਕਿ ਮੱਸਾ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਭਲੋਜਲਾ ਨੇ ਥਾਣਾ ਵੈਰੋਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਭਰਾ ਮੇਜਰ ਸਿੰਘ ਮਿਤੀ 11 ਮਾਰਚ 2021 ਨੂੰ ਘਰੋਂ ਬਾਹਰ ਗਿਆ, ਪਰ ਵਾਪਸ ਨਹੀਂ ਆਇਆ | ਇਸ ਸੰਬੰਧ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ ਸੀ ਅਤੇ ਬਾਅਦ ਵਿਚ ਮੱਸਾ ਸਿੰਘ ਨੇ ਮਿਤੀ 15 ਮਾਰਚ 2021 ਨੂੰ ਮੇਜਰ ਸਿੰਘ ਦੀ ਲਾਸ਼ ਮਿਲਦ ਤੋਂ ਬਾਅਦ ਪੁਲਿਸ ਨੂੰ ਲਿਖਤੀ ਦਿੱਤਾ ਕਿ ਉਸ ਦੇ ਘਰ ਦੇ ਨੇੜ੍ਹੇ ਰਹਿੰਦੇ ਮਨਜਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਭਲੋਜਲਾ ਦੇ ਨਾਲ ਉਸ ਦੇ ਭਰਾ ਮੇਜਰ ਸਿੰਘ ਦਾ ਵੀ ਬੈਠਣਾ-ਉਠਣਾ ਹੈ ਤੇ ਮਨਜਿੰਦਰ ਸਿੰਘ, ਜੋ ਕਿ ਸਮਾਜ ਸੇਵੀ ਚੈਨਲ ਚਲਾਉਂਦਾ ਹੈ, ਦੇ ਨਾਲ ਨਾਲ ਕਮੇਟੀਆਂ ਪਾਉਣ ਦਾ ਵੀ ਕੰਮ ਕਰਦਾ ਹੈ | ਉਸ ਦੇ ਭਰਾ ਮੇਜਰ ਸਿੰਘ ਕੋਲੋਂ ਮਨਜਿੰਦਰ ਸਿੰਘ ਨੇ 1 ਲੱਖ 50 ਹਜ਼ਾਰ ਰੁਪਏ ਹੁਦਾਰ ਲਏ ਸਨ ਅਤੇ ਮੇਰੇ ਭਰਾ ਮੇਜਰ ਸਿੰਘ ਦੀਆਂ ਤਿੰਨ ਕਮੇਟੀਆਂ ਵੀ ਮਨਜਿੰਦਰ ਸਿੰਘ ਵੱਲ ਚੱਲਦੀਆਂ ਸਨ | ਇਨ੍ਹਾਂ ਕਮੇਟੀਆਂ ਦੀ ਮੁਨਿਆਦ ਵੀ ਪੂਰੀ ਹੋ ਚੁੱਕੀ ਸੀ ਤੇ ਮਨਜਿੰਦਰ ਸਿੰਘ ਵੱਲ ਕਮੇਟੀਆਂ ਦੇ ਕਰੀਬ 3 ਲੱਖ ਰੁਪਏ ਪਾ ਕੇ ਕੁੱਲ ਸਾਢੇ ਚਾਰ ਲੱਖ ਰੁਪਏ ਉਸ ਦੇ ਭਰਾ ਨੇ ਮਨਜਿੰਦਰ ਸਿੰਘ ਕੋਲੋਂ ਲੈਣੇ ਸਨ | ਦਰਜ ਕਰਵਾਏ ਗਏ ਕੇਸ ਵਿਚ ਮੱਸਾ ਸਿੰਘ ਨੇ ਦੱਸਿਆ ਕਿ ਮਿਤੀ 11 ਮਾਰਚ 2021 ਨੂੰ ਉਸ ਦਾ ਭਰਾ ਮੇਜਰ ਸਿੰਘ ਸਵੇਰੇ ਮਨਜਿੰਦਰ ਸਿੰਘ ਦੇ ਘਰ ਹੁਦਾਰ ਦਿੱਤੇ ਅਤੇ ਕਮੇਟੀਆਂ ਦੇ ਪੈਸੇ ਲੈਣ ਲਈ ਗਿਆ, ਪਰ ਵਾਪਸ ਨਹੀਂ ਆਇਆ | ਮੇਜਰ ਸਿੰਘ ਦੀ ਲਾਸ਼ ਮਿਲਣ ਤੋਂ ਬਾਅਦ ਵੈਰੋਵਾਲ ਦੀ ਪੁਲਿਸ ਨੇ ਮਨਜਿੰਦਰ ਸਿੰਘ, ਉਸ ਦੇ ਭਰਾ ਪ੍ਰਗਟ ਸਿੰਘ ਅਤੇ ਨਿਰਮਲ ਸਿੰਘ ਫ਼ੌਜੀ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ | ਐਡਵੋਕੇਟ ਚੱਬਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਕਰਵਾਉਣ 'ਤੇ ਨਿਰਮਲ ਸਿੰਘ ਫ਼ੌਜੀ, ਜੋ ਕਿ ਘਟਨਾ ਦੇ ਸਮੇਂ ਸੁਵਿਧਾ ਕੇਂਦਰ ਵਿਚ ਡਿਊਟੀ ਕਰਦਾ ਸੀ, ਨੂੰ ਜਾਂਚ ਅਧਿਕਾਰੀਆਂ ਨੇ ਇਸ ਕੇਸ ਵਿਚੋਂ ਬਾਹਰ ਕਰ ਦਿੱਤਾ, ਜਦਕਿ ਬਾਅਦ ਵਿਚ ਪ੍ਰਗਟ ਸਿੰਘ ਦੀ ਹਾਈਕੋਰਟ ਵਿਚ ਜਮਾਨਤ ਕਰਵਾ ਦਿੱਤੀ ਗਈ ਅਤੇ ਮਨਜਿੰਦਰ ਸਿੰਘ ਅਜੇ ਵੀ ਜੇਲ੍ਹ ਵਿਚ ਹੈ | ਇਸ ਮਾਮਲੇ ਵਿਚ ਮੁਦੱਈ ਧਿਰ ਵਲੋਂ ਨਿਰਮਲ ਸਿੰਘ ਫ਼ੌਜੀ ਨੂੰ ਤਲ੍ਹਬ ਕਰਨ ਲਈ ਅਦਾਲਤ ਵਿਚ ਅਰਜੀ ਦਿੱਤੀ, ਪਰ ਉਨ੍ਹਾਂ ਦੀਆਂ ਦਲੀਲਾਂ ਕਾਰਨ ਇਹ ਤਲ੍ਹਬੀ ਨਹੀਂ ਹੋ ਸਕੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਕੇਸ ਵਿਚ ਦਿੱਤੀਆਂ ਗਈਆਂ ਦਲੀਲਾਂ ਦੇ ਨਾਲ ਸਹਿਮਤ ਹੁੰਦਿਆਂ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਮਨਜਿੰਦਰ ਸਿੰਘ ਅਤੇ ਪ੍ਰਗਟ ਸਿੰਘ ਨੂੰ ਬਾਇੱਜਤ ਬਰੀ ਕਰ ਦਿੱਤਾ ਹੈ | ਪ੍ਰਗਟ ਸਿੰਘ ਅਤੇ ਨਿਰਮਲ ਸਿੰਘ ਦੇ ਪਰਿਵਾਰ ਨੇ ਅਦਾਲਤ ਦੇ ਫ਼ੈਸਲੇ 'ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ |