ਤਰਨ ਤਾਰਨ, 12 ਮਈ (ਇਕਬਾਲ ਸਿੰਘ ਸੋਢੀ)-ਕੁੱਲ ਹਿੰਦ ਕਿਸਾਨ ਸਭਾ ਦੀ ਜ਼ਿਲ੍ਹਾ ਕੌਂਸਲ ਤਰਨ ਤਾਰਨ ਦੀ ਮੀਟਿੰਗ ਅਵਤਾਰ ਸਿੰਘ ਪਲਾਸੌਰ ਦੀ ਪ੍ਰਧਾਨਗੀ ਹੇਠ ਸਥਾਨਕ ਦੇਸ਼ ਭਗਤ ਅਰਜਨ ਸਿੰਘ ਗੜਗੱਜ ਭਵਨ ਵਿਖੇ ਹੋਈ | ਜਨਰਲ ਸਕੱਤਰ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਇਸ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ 15 ਮਈ ਨੂੰ ਚੰਡੀਗੜ੍ਹ ਵਿਖੇ ਗਵਰਨਰ ਹਾਊਸ ਵੱਲ ਕੀਤਾ ਜਾ ਰਹੇ ਕਿਸਾਨ ਮਾਰਚ ਵਿਚ ਵੱਡੀ ਪੱਧਰ 'ਤੇ ਹਿੱਸਾ ਲਿਆ ਜਾਵੇਗਾ | ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਵਰਕਿੰਗ ਪ੍ਰਧਾਨ ਮਹਾਂਵੀਰ ਸਿੰਘ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਹੱਕਾਂ 'ਤੇ ਡਾਕੇ ਮਾਰ ਰਹੀ ਹੈ, ਭਾਖੜਾ ਬਿਆਸ ਮੈਨੇਜ਼ਮੈਂਟ ਬੋਰਡ ਵਿਚੋਂ ਪੰਜਾਬ ਦੀ ਪੱਕੀ ਮੈਂਬਰੀ ਖੋਹ ਲਈ ਹੈ, ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਜਾ ਰਿਹਾ, ਪੰਜਾਬੀ ਬੋਲੀ ਨੂੰ ਬਣਦਾ ਸਤਿਕਾਰ ਚੰਡੀਗੜ੍ਹ ਤੇ ਹੋਰ ਨੇੜੇ੍ਹ ਦੇ ਸੂਬਿਆਂ ਵਿਚ ਨਹੀਂ ਦਿੱਤਾ ਜਾ ਰਿਹਾ | ਇਸੇ ਤਰ੍ਹਾਂ ਪੰਜਾਬ ਦੇ ਪਾਣੀਆਂ ਦਾ ਮਸਲਾ ਲਮਕਾਇਆ ਜਾ ਰਿਹਾ ਹੈ ਤੇ ਜਾਣਬੁੱਝ ਕੇ ਪੰਜਾਬ ਤੋਂ ਪਾਣੀ ਖੋਹ ਕੇ ਹੋਰ ਸੂਬਿਆਂ ਨੂੰ ਦੇਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ | ਇਹ ਪੰਜਾਬ ਨਾਲ ਸਰਾਸਰ ਧੱਕਾ ਹੈ, ਜਦੋਂਕਿ ਪੰਜਾਬ ਦੇਸ਼ ਦਾ ਪੱਛਮੀ ਦਰਵਾਜ਼ਾ ਵੀ ਹੈ ਅਤੇ ਪੰਜਾਬ ਹਰ ਪੱਖੋਂ ਦੇਸ਼ ਦੀ ਸੁਰੱਖਿਆ ਲਈ ਮੋਹਰੀ ਰਿਹਾ ਹੈ | ਮੋਦੀ ਸਰਕਾਰ ਪੰਜਾਬ ਵਿਚ ਫਿਰਕੂ ਤੇ ਜਾਤੀ ਵੰਡੀਆਂ ਰਾਹੀਂ ਪੰਜਾਬ ਦੇ ਮਾਹੌਲ ਨੂੰ ਸ਼ੱਕੀ ਬਣਾ ਰਹੀ ਹੈ | ਉਨ੍ਹਾਂ ਕਿਹਾ ਕਿ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ 15 ਮਈ ਨੂੰ ਚੰਡੀਗੜ੍ਹ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋਇਆ ਜਾਵੇ | ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ, ਦਰਸ਼ਨ ਸਿੰਘ ਬਿਹਾਰੀਪੁਰ ਅਤੇ ਹਰਵਿੰਦਰ ਕਸੇਲ ਨੇ ਕਿਹਾ ਕਿ ਸਾਰੀਆਂ ਫ਼ਸਲਾਂ ਤੇ ਐਮ.ਐਸ.ਪੀ. ਨਾ ਦੇਣ ਕਾਰਨ ਛੋਟੀ ਤੇ ਦਰਮਿਆਨੀ ਕਿਸਾਨੀ ਸੰਕਟ ਵਿਚ ਹੈ | ਉਨ੍ਹਾਂ ਇਹ ਵੀ ਕਿਹਾ ਕਿ ਹੁਣ ਕੇਂਦਰ ਸਰਕਾਰ ਡੀਜ਼ਲ, ਖਾਦ ਤੇ ਹੋਰ ਲੋੜੀਂਦੀਆਂ ਵਸਤਾਂ ਦੇ ਰੇਟ ਵਧਾਉਣ ਜਾ ਰਹੀ ਹੈ | ਇਸ ਨਾਲ ਕਿਸਾਨਾਂ-ਮਜ਼ਦੂਰਾਂ ਦੀ ਹਾਲਤ 'ਤੇ ਵੱਡਾ ਸੰਕਟ ਆਵੇਗਾ, ਕਿਉਂਕਿ ਪੰਜਾਬ ਵਿੱਚ ਡੀਜ਼ਲ ਖੇਤੀ ਕੰਮਾਂ ਲਈ ਵੱਡੀ ਪੱਧਰ 'ਤੇ ਵਰਤਿਆ ਜਾਂਦਾ ਹੈ | ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ | ਨੌਜਵਾਨਾਂ ਨੂੰ ਰੁਜ਼ਗਾਰ ਦੀ ਗਰੰਟੀ ਦਿੱਤੀ ਜਾਵੇ | ਹਿੰਦ-ਪਾਕਿ ਬਾਰਡਰ ਵਾਹਘਾ ਅਤੇ ਹੁਸੈਨੀਵਾਲਾ ਤੋਂ ਖੁੱਲੇ੍ਹ ਅੰਤਰ-ਰਾਸ਼ਟਰੀ ਵਪਾਰ ਲਈ ਖੋਲਿ੍ਹਆ ਜਾਵੇ | ਇਸ ਮੌਕੇ ਕਿਸਾਨ ਆਗੂ ਦਰਸ਼ਨ ਸਿੰਘ ਬਿਹਾਰੀਪੁਰ, ਰਾਣਾ ਰਣਜੀਤ ਸਿੰਘ ਵਾਂ, ਮੋਤਾ ਸਿੰਘ ਝਬਾਲ, ਪਰਮਜੀਤ ਸਿੰਘ ਚੋਹਲਾ, ਬਾਬਾ ਹੀਰਾ ਸਿੰਘ ਤਲਵੰਡੀ, ਤਾਰਾ ਸਿੰਘ ਖਹਿਰਾ, ਸੁਰਜੀਤ ਸਿੰਘ ਠੱਠੀ, ਕਾਰਜ ਸਿੰਘ ਕੈਰੋਂ, ਗੁਰਦਿਆਲ ਸਿੰਘ ਵਰਨਾਲਾ, ਡਾ. ਗੁਰਭੇਜ ਸਿੰਘ ਸੋਹਲ, ਲਹਿਰੀ ਮੀਆਂਪੁਰ, ਕਾਮਰੇਡ ਚਰਨ ਸਿੰਘ ਨੇ ਵੀ ਵਿਚਾਰ ਵਟਾਂਦਰਾ ਕੀਤਾ |