ਤਰਨ ਤਾਰਨ, 13 ਮਈ (ਹਰਿੰਦਰ ਸਿੰਘ)-ਸਾਲ 2023 ਅਤੇ 2025 ਦੇ ਹੜ੍ਹਾਂ ਵਿਚ ਪੰਜਾਬ ਨੂੰ ਭਾਰੀ ਮੁਸੀਬਤਾਂ ਨਾਲ ਜੂਝਣਾ ਪਿਆ ਸੀ | ਇਸ ਸਾਲ ਅਗਾਊਾ ਪ੍ਰਬੰਧ ਕਰਨ ਹਿੱਤ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਵੱਖ-ਵੱਖ ਇਲਾਕਿਆਂ ਦੌਰਾ ਕਰ ਰਹੇ ਹਨ, ਤਾਂ ਜੋ ਕਮਜ਼ੋਰ ਬੰਨ੍ਹਾਂ ਦਾ ਜਾਇਜ਼ਾ ਲਿਆ ਜਾਵੇ ਤੇ ਮਜ਼ਬੂਤੀ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ | ਬਾਬਾ ਸੁੱਖਾ ਸਿੰਘ ਸੁਲਤਾਨਪੁਰ ਲੋਧੀ ਤਹਿਸੀਲ ਦੇ ਪਿੰਡ ਚੱਕ ਪੱਤੀ ਬਾਲੂ ਬਹਾਦਰ ਵਿਖੇ ਪਹੁੰਚੇ ਅਤੇ ਅਰਦਾਸ ਕਰਕੇ ਕਮਜ਼ੋਰ ਬੰਨ੍ਹ ਦੀ ਮਜ਼ਬੂਤੀ ਲਈ ਸੇਵਾ ਕਾਰਜ ਆਰੰਭ ਕੀਤਾ | ਇਸ ਮੌਕੇ ਜਥੇਦਾਰ ਗੁਰਦੀਪ ਸਿੰਘ ਸ਼ਹੀਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਥੋਂ ਬਿਆਸ ਦਰਿਆ ਦਾ ਅਡਵਾਂਸ ਬੰਨ੍ਹ ਪਹਿਲਾਂ ਦੋ ਵਾਰ ਟੁੱਟ ਚੁੱਕਾ ਹੈ | ਸਾਲ 2023 ਅਤੇ 2025 ਵਿਚ ਬਾਬਾ ਸੁੱਖਾ ਸਿੰਘ ਨੇ ਇਥੇ ਟੁੱਟੇ ਬੰਨ੍ਹ ਬੰਨ੍ਹਣ ਦੀ ਸੇਵਾ ਕਰਵਾਈ ਸੀ | ਇਹ ਅਗਾਊਾ ਬੰਨ੍ਹ ਲਗਪਗ 15 ਕਿਲੋਮੀਟਰ ਲੰਮਾ ਹੈ, ਜਿਸ ਦੇ ਨਾਲ ਪਿੰਡ ਚੱਕ ਪੱਤੀ ਬਾਲੂ ਬਹਾਦਰ, ਕਿਸ਼ਨਪੁਰ ਘੜਕਾ, ਭੀਮ ਜਦੀਦ, ਭੀਮ ਕਦੀਮ, ਸਰਦੁੱਲਾਪੁਰ, ਠੱਕਰ ਕੌੜਾ, ਹਜ਼ਾਰਾ, ਹੁਸੈਨਪੁਰ ਬੂਲੇ, ਕਬੀਰਪੁਰ, ਲੋਧੀਵਾਲ, ਆਹਲੀ ਕਲਾਂ, ਆਹਲੀ ਖੁਰਦ, ਮੰਡ ਹੁਸੈਨਪੁਰ ਬੂਲੇ ਆਦਿਕ ਪਿੰਡਾਂ ਦੀ ਜ਼ਮੀਨ ਨਾਲ ਲਗਦੀ ਹੈ | ਇਸ ਬੰਨ੍ਹ 'ਤੇ ਰਸਤਾ ਬਣਿਆ ਹੈ, ਜੋ ਕਈ ਥਾਂਵਾਂ ਤੋਂ ਕਮਜ਼ੋਰ ਹੈ | ਬਾਬਾ ਸੁੱਖਾ ਸਿੰਘ ਨੇ ਸੰਪਰਦਾਇ ਵਲੋਂ ਭਾਰੀ ਮਸ਼ੀਨਰੀ ਭੇਜੀ ਗਈ ਹੈ, ਜਿਸ ਵਿਚ ਇਕ ਪੋਕਲੇਨ ਮਸ਼ੀਨ, ਇਕ ਜੇ.ਸੀ.ਬੀ. ਮਸ਼ੀਨ, ਟਿੱਪਰ ਅਤੇ ਟਰਾਲੀਆਂ ਹਨ | ਅਰਦਾਸ ਕਰਕੇ ਬੰਨ੍ਹ ਮਜ਼ਬੂਤੀ ਲਈ ਸੇਵਾ ਆਰੰਭ ਕਰਵਾ ਦਿੱਤੀ ਗਈ ਹੈ, ਤਾਂ ਜੋ ਇਹ ਇਲਾਕਾ ਦੁਬਾਰਾ ਹੜ੍ਹ ਗ੍ਰਸਤ ਨਾ ਹੋਵੇ | ਇਥੇ 600 ਤੋਂ 800 ਲੀਟਰ ਡੀਜ਼ਲ ਰੋਜ਼ਾਨਾ ਖਪਤ ਦੀ ਸੰਭਾਵਨਾ ਹੈ | ਸਰਬੱਤ ਦੇ ਭਲੇ ਹਿੱਤ ਬਾਬਾ ਸੁੱਖਾ ਸਿੰਘ ਦੀ ਇਹ ਵੱਡੀ ਦੂਰਅੰਦੇਸ਼ੀ ਹੈ | ਇਸ ਮੌਕੇ ਇਲਾਕੇ ਦੇ ਮੁਹਤਬਰਾਂ ਅਤੇ ਪੰਚਾਇਤਾਂ ਵਲੋਂ ਬਾਬਾ ਸੁੱਖਾ ਸਿੰਘ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸੰਗਤ ਵਿਚ ਜਥੇਦਾਰ ਗੁਰਦੀਪ ਸਿੰਘ ਸ਼ਹੀਦ ਸਮੇਤ ਸਾਬਕਾ ਸਰਪੰਚ ਕੁੰਦਨ ਸਿੰਘ (ਚੱਕ), ਸਰਪੰਚ ਲਖਵਿੰਦਰ ਸਿੰਘ (ਚੱਕ), ਗੁਰਮੁਖ ਸਿੰਘ, ਸਾਹਿਬ ਸਿੰਘ, ਅਮਰਜੀਤ ਸਿੰਘ ਖਿੰਡਾ ਲੋਧੀਵਾਲ (ਜ਼ਿਲ੍ਹਾ ਪ੍ਰੀਸ਼ਦ ਮੈਂਬਰ) ਤੇ ਹੋਰ ਕਈ ਮੁਹਤਬਰ ਸੱਜਣ ਹਾਜ਼ਰ ਸਨ |