ਭਿੱਖੀਵਿੰਡ, 14 ਮਈ (ਬੌਬੀ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਬਦਲਣ ਵਿਰੁੱਧ ਤੇ ਜਬਰੀ ਹੋ ਰਹੀ ਉਸਾਰੀ ਦਾ ਵਿਰੋਧ ਕਰਨ ਲਈ ਕਿਸਾਨਾਂ ਵਲੋਂ ਇਕ ਵੱਡੀ ਇਕੱਤਰਤਾ ਕੌਮੀ ਕਿਸਾਨ ਯੂਨੀਅਨ ਬਲਾਕ ਭਿੱਖੀਵਿੰਡ ਦੇ ਇਤਿਹਾਸਕ ਨਗਰ ਮਾੜੀ ਕੰਬੋਕੇ 'ਚ ਹੋਈ, ਜਿਸ ਵਿਚ ਬਲਾਕ ਆਗੂ ਅਤੇ ਸਾਰੀਆਂ ਇਕਾਈਆਂ ਦੇ ਪ੍ਰਧਾਨ ਸ਼ਾਮਿਲ ਹੋਏਸ਼ ਮੀਟਿੰਗ ਵਿਚ ਖੰਡ ਮਿਲ ਸੇਰੋਂ 21 ਮਈ ਨੂੰ ਲੱਗਣ ਜਾ ਰਹੇ ਪੱਕੇ ਮੋਰਚੇ, ਪੰੰਜਾਬ ਦੇ ਪਾਣੀਆਂ ਦੇ ਮੁੱਦੇ, ਭਾਖੜਾ ਡੈਮ ਦੀ ਮੈਬਰਸ਼ਿਪ ਖਤਮ ਕਰਨ, ਬਿਜਲੀ ਬਿਲ ਅਤੇ 15 ਤਾਰੀਕ ਨੂੰ ਚੰਡੀਗੜ੍ਹ ਗਵਰਨਰ ਹਾਊਸ ਮਾਰਚ ਦੀਆਂ ਤਿਆਰੀਆਂ ਤੇ ਮੁੱਦਿਆਂ 'ਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਤਰਸੇਮ ਸਿੰਘ ਲੁਹਾਰ ਜ਼ਿਲ੍ਹਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ ਨੇ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਜਬਰੀ ਮਿਲ ਦੀ ਮਾਲਕੀ ਬਦਲਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਦਲਵੀ ਖੇਤੀ ਮਾਡਲ ਨੂੰ ਅਪਣਾਉਣ ਲਈ ਕਿਹਾ ਜਾ ਰਿਹਾ ਹੈ ਪਰ ਸਰਕਾਰ ਆਪ ਹੀ ਖੰਡ ਮਿਲ ਬੰਦ ਕਰਕੇ ਬਦਲਵੀ ਖੇਤੀ ਦਾ ਬਦਲ ਗੰਨਾ ਬੀਜਣ ਤੋਂ ਰੋਕਿਆ ਜਾ ਰਿਹਾ | ਇੱਥੇ ਹੀ ਬਸ ਨਹੀਂ ਸੰਘਰਸ਼ੀਲ ਕਿਸਾਨਾਂ ਨੂੰ ਜਬਰੀ ਉਸਾਰੀ ਵਾਲੀ ਥਾਂ ਤੋਂ ਚੁੱਕ ਕੇ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਗਿਆ ਸੀ ਜੋ ਕਿ ਜਥੇਬੰਦਕ ਦਬਾਅ ਕਾਰਨ ਰਿਹਾ ਹੋਏ ਹਨ | ਆਉਣ ਵਾਲੇ ਦਿਨਾਂ ਵਿਚ ਮੁੜ ਤੋਂ ਪੱਕਾ ਮੋਰਚਾ ਲਗਾਇਆ ਜਾਵੇਗਾ ਅਤੇ ਸਰਕਾਰ ਨੂੰ ਸਹਿਕਾਰੀ ਖੰਡ ਮਿੱਲ ਸ਼ੇਰੋ ਮੁੜ ਤੋਂ ਚਾਲੂ ਕਰਨ ਲਈ ਮਜਬੂਰ ਕੀਤਾ ਜਾਵੇਗਾ | ਸਰਕਾਰ ਨੇ ਗੁਦਾਮ ਬਣਾਉਣ ਤੋਂ ਪਹਿਲਾਂ ਕਿਸੇ ਕਿਸਮ ਦਾ ਸਰਵੇਖਣ ਕਰਵਾਉਣਾ ਜ਼ਰੂਰੀ ਨਹੀਂ ਸਮਝਿਆ | ਇਸ ਸਬੰਧੀ ਕੋਈ ਵੀ ਵਾਤਾਵਰਨ ਜਾਂ ਸਿਹਤ ਪੱਖੀ ਕੋਈ ਸਰਵੇਖਣ ਕਰਨਾ ਜਰੂਰੀ ਨਹੀਂ ਸਮਝਿਆ | ਕਿਸਾਨਾਂ ਦੇ ਸ਼ੇਅਰ ਨਾਲ ਬਣੀ ਮਿਲ ਨੂੰ ਸਰਕਾਰ ਮਨਮਰਜ਼ੀ ਨਾਲ ਉਸਦੀ ਮਾਲਕੀ ਬਦਲਣ ਦਾ ਹੱਕ ਨਹੀਂ ਰੱਖਦੀ | ਇਸ ਮੌਕੇ ਪੰਜਾਬ ਸਰਕਾਰ ਵਲੋਂ ਧੱਕੇ ਨਾਲ ਖੰਡ ਮਿੱਲ ਸ਼ੇਰੋ ਦੀ ਮਾਲਕੀ ਬਦਲਣ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਅਤੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਸੀਨੀਅਰ ਆਗੂ ਕੈਪਟਨ ਸਿੰਘ ਸਿੰਘ, ਗੁਰਸੇਵਕ ਸਿੰਘ ਮਾੜੀ ਉਧੋਕੇ, ਬਲਾਕ ਪ੍ਰਧਾਨ ਕੁਲਦੀਪ ਸਿੰਘ ਕੰਬੋਕੇ, ਜ਼ਿਲ੍ਹਾ ਮੀਤ ਪ੍ਰਧਾਨ ਬਲਦੇਵ ਸਿੰਘ ਫੌਜੀ, ਬਲਾਕ ਸੀਨੀ. ਮੀਤ ਪ੍ਰਧਾਨ ਹਰਜਿੰਦਰ ਸਿੰਘ ਕਾਲੇ, ਸੁਖਦੇਵ ਸਿੰਘ ਕੰਬੋਕੇ, ਸੂਰਤਾ ਸਿੰਘ ਬਘਿਆੜੀ, ਅਮਰਜੀਤ ਸਿੰਘ ਨਾਰਲੀ, ਕਾਲਾ ਸਿੰਘ, ਗੁਰਪ੍ਰੀਤ ਸਿੰਘ ਦਿਆਲਪੁਰ ਤੇ ਹੋਰ ਹਾਜ਼ਰ ਸਨ |