ਤਰਨ ਤਾਰਨ, 14 ਮਈ (ਹਰਿੰਦਰ ਸਿੰਘ)-ਆਪਣੀਆਂ ਮੰਗਾਂ ਨੂੰ ਲੈ ਕੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾ ਵਲੋਂ ਪਿਛਲੇ ਲਮੇ ਸਮੇਂ ਤੋਂ ਤਰਨ ਤਾਰਨ ਨਗਰ ਕੌਂਸਲ ਦਫਤਰ ਵਿਖੇ ਅਣਮਿੱਥੇ ਸਮੇਂ ਲਈ ਲਗਾਏ ਧਰਨੇ ਵਿਚ ਕਾਂਗਰਸ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਨੇ ਪਹੁੰਚ ਕੇ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਨੂੰ ਸੁਣੀਆਂ | ਇਸ ਮੌਕੇ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਕਰਨਬੀਰ ਸਿੰਘ ਬੁਰਜ ਨੂੰ ਆਪਣੀਆਂ ਮੰਗਾਂ ਬਾਰੇ ਦੱਸਿਆ | ਉਨ੍ਹਾਂ ਦਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਕੱਚੇ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ | ਠੇਕੇਦਰੀ ਸਿਸਟਮ ਬੰਦ ਹੋਣਾ ਚਾਹੀਦਾ ਹੈ ਅਤੇ ਪੁਰਾਣੀ ਪੈਨਸ਼ਨ ਬਹਾਲ ਹੋਣੀ ਚਾਹੀਦੀ ਹੈ | ਇਸਦੇ ਨਾਲ ਹੀ 10 ਸਾਲ ਵਾਲੀ ਪਾਲਿਸੀ ਕਾਨੂੰਨ ਨੂੰ ਵੀ ਰੱਦ ਕੀਤਾ ਜਾਵੇ | ਇਸ ਮੌਕੇ ਰਾਮ ਪ੍ਰਕਾਸ਼, ਜੱਜਪਾਲ, ਲਛਮਣ, ਮਿੱਠੂ ਭਗਤ ਅਤੇ ਸੁਰਜੀਤ ਕੁਮਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਦਾ ਇਹ ਦਾਅਵਾ ਖੋਖਲਾ ਹੀ ਸਾਬਿਤ ਹੋਇਆ ਹੈ | ਇਸ ਮੌਕੇ ਕਰਨ ਬੁਰਜ ਨੇ ਕਿਹਾ ਕਿ ਜਿਸ ਝਾੜੂ ਦਾ ਬਟਨ ਦੱਬ ਤੁਸੀਂ ਇਹ ਬਦਲਾਅ ਵਾਲੀ ਸਰਕਾਰ ਲੈ ਕੇ ਆਏ ਸੀ ਹੁਣ ਉਸੇ ਝਾੜੂ ਨਾਲ ਇਸ ਸਰਕਾਰ ਰੂਪੀ ਕੂੜੇ ਨੂੰ ਹੂੰਝ ਕੇ ਪੂਰੇ ਪੰਜਾਬ ਨੂੰ ਸਾਫ ਕਰ ਦਿਓ | ਕਰਨ ਬੁਰਜ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਕਿਸੇ ਵੀ ਮੁਲਾਜ਼ਮ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਸੀ ਆਉਂਦੀ ਪਰ ਜਿਸ ਦਿਨ ਤੋਂ ਇਹ ਸਰਕਾਰ ਬਣੀ ਉਸੇ ਦਿਨ ਤੋਂ ਬਦਲਾਅ ਘੱਟ ਤੇ ਬਦਲਾ ਨੀਤੀ ਭਾਰੀ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਸਮੇਂ ਸਿਰ ਤਨਖਾਹਾਂ ਭਤੇ ਅਤੇ ਬਣਦੀਆਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ, ਪਰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਨੂੰ ਸੜਕਾਂ 'ਤੇ ਲੈ ਆਂਦਾ ਹੈ ਅਤੇ ਮੁਲਾਜ਼ਮਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਸੜਕਾਂ 'ਤੇ ਧਰਨੇ ਦੇਣੇ ਪੈ ਰਹੇ ਹਨ | ਉਨ੍ਹਾਂ ਨੇ ਵਿਸ਼ਵਾਸ ਦਵਾਇਆ ਕਿ 2027 ਵਿਚ ਕਾਂਗਰਸ ਸਰਕਾਰ ਬਣਨ ਤੇ ਕਿਸੇ ਵੀ ਮੁਲਾਜ਼ਮ ਨੂੰ ਆਪਣੀਆਂ ਮੰਗਾਂ ਲਈ ਸੜਕਾਂ 'ਤੇ ਨਹੀਂ ਉਤਰਨਾ ਪਵੇਗਾ | ਇਸ ਮੌਕੇ ਮਨਦੀਪ ਸਿੰਘ ਵਸੀਕਾ, ਪਵਨ ਸ਼ਰਮਾ, ਅਮਰਿੰਦਰ ਸਿੰਘ ਅੱਪੂ, ਸੁਖਦੇਵ ਸਿੰਘ ਬੂਦੀਂ, ਅਮਨਦੀਪ ਸਿੰਘ ਡੀਜੇ, ਗੁਰਚਰਨ ਸਿੰਘ ਸਰਪੰਚ, ਲਵਦੀਪ ਸਿੰਘ ਆਦਿ ਹਾਜ਼ਰ ਸਨ |