ਅੰਮਿ੍ਤਸਰ, 20 ਮਈ (ਜਸਵੰਤ ਸਿੰਘ ਜੱਸ)-ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਤਰਸਿੱਕਾ ਵਲੋਂ ਹਲਕਾ ਵਿਧਾਇਕ ਤੇ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਦੇ ਦਫ਼ਤਰ ਦੇ ਸਾਹਮਣੇ ਕੱਲ੍ਹ 21 ਮਈ ਨੂੰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਵਿਚ ਆਂਗਨਵਾੜੀ ਵਰਕਰ ਅਤੇ ਹੈਲਪਰਾਂ ਦੀਆਂ ਜਾਇਜ਼ ਮੰਗਾਂ ਬਾਰੇ ਵਿਧਾਇਕ ਨੂੰ ਮੰਗ ਪੱਤਰ ਦਿੱਤਾ ਜਾਵੇਗਾ | ਯੂਨੀਅਨ ਦੀ ਸੂਬਾਈ ਸਕੱਤਰ ਦਲਜਿੰਦਰ ਕੌਰ ਨੇ ਉਕਤ ਜਾਣਕਾਰੀ ਦਿੰਦਿਆ ਦੱਸਿਆ ਕਿ ਯੁੂਨੀਅਨ ਦੀਆਂ ਮੰਗਾਂ ਹਨ ਕਿ ਆਂਗਨਵਾੜੀ ਵਰਕਰਾਂ ਨੂੰ ਅਧਿਆਪਕ ਦਾ ਦਰਜਾ ਦਿੱਤਾ ਜਾਵੇ ਅਤੇ ਪੰਜਾਬ ਸਰਕਾਰ ਵਲੋਂ ਵੋਟਾਂ ਸਮੇਂ ਕੀਤੇ ਗਏ ਵਾਅਦੇ ਅਨੁਸਾਰ ਆਂਗਨਵਾੜੀ ਵਰਕਰ-ਹੈਲਪਰ ਦਾ ਮਾਣ ਭੱਤਾ ਦੁਗਣਾ ਕੀਤਾ ਜਾਵੇ | ਆਂਗਨਵਾੜੀ ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ, ਮਾਂਵਾਂ ਧੀਆਂ ਸਤਿਕਾਰਯੋਗ ਯੋਜਨਾ ਵਿਚ ਕੰਮ ਲੈਣ ਵਾਸਤੇ ਆਂਗਨਵਾੜੀ ਵਰਕਰ ਨੂੰ 200 ਰੁਪਏ ਤੇ ਹੈਲਪਰ ਨੂੰ 100 ਰੁਪਏ ਦਿੱਤੇ ਜਾਣ | ਉਨ੍ਹਾਂ ਕਿਹਾ ਕਿ ਆਂਗਨਵਾੜੀ ਵਰਕਰਾਂ ਕੋਲੋਂ ਵਾਧੂ ਕੰਮ ਕਰਾਉਣੇ, ਜਿਵੇਂ ਜਨਗਣਨਾ ਆਰਥਿਕ ਸਰਵੇ, ਡਰੱਗ ਸਰਵੇ, ਵੋਟਾਂ ਵਿਚ ਡਿਊਟੀਆਂ ਆਦਿ ਬੰਦ ਕੀਤੇ ਜਾਣ | ਯੂਨੀਅਨ ਵਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਆਂਗਨਵਾੜੀ ਕੇਂਦਰਾਂ ਵਿਚ ਆ ਰਿਹਾ ਰਾਸ਼ਨ ਸਰਕਾਰੀ ਅਦਾਰਿਆਂ ਰਾਹੀਂ ਦਿੱਤਾ ਜਾਵੇ, ਆਂਗਨਵਾੜੀ ਵਰਕਰਾਂ ਨੂੰ ਪ੍ਰੀ-ਨਰਸਰੀ ਅਧਿਆਪਕਾ ਦਾ ਦਰਜਾ ਦਿੱਤਾ ਜਾਵੇ ਅਤੇ ਬੱਚੇ ਵਾਪਿਸ ਆਂਗਨਵਾੜੀਆਂ ਵਿਚ ਭੇਜੇ ਜਾਣ ਤੇ ਐੱਨ. ਜੀ. ਓ. ਨੂੰ ਦਿੱਤੇ ਬਲਾਕਾਂ ਦਾ ਜੋ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ, ਇਸ ਨੂੰ ਲਾਗੂ ਕੀਤਾ ਜਾਵੇ |