ਤਰਨ ਤਾਰਨ, 20 ਮਈ (ਪਰਮਜੀਤ ਜੋਸ਼ੀ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਕਿਸਾਨ ਜਥੇਬੰਦੀਆਂ ਵਲੋਂ ਸਹਿਕਾਰੀ ਖੰਡ ਮਿਲ ਸੇਰੋਂ ਦੀ ਮਾਲਕੀ ਬਦਲਣ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਇਕ ਅਹਿਮ ਮੀਟਿੰਗ ਪਿੰਡ ਸੇਰੋਂ ਵਿਖੇ ਸਾਬਕਾ ਫੌਜੀ ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਸੇਰੋਂ ਵਿਖੇ ਹੋਈ | ਇਸ ਮੀਟਿੰਗ ਵਿਚ ਸ਼ਾਮਿਲ ਐਸ.ਕੇ.ਐਮ. ਦੇ ਆਗੂਆਂ ਮਨਜੀਤ ਸਿੰਘ ਬੱਗੂ, ਨਛੱਤਰ ਸਿੰਘ ਪਨੂੰ ਆਦਿ ਨੇਤਾਵਾਂ ਨੇ ਬੋਲਦਿਆਂ ਦੱਸਿਆ ਕਿ ਇਹ ਖੰਡ ਮਿੱਲ ਕਿਸਾਨਾਂ ਦੇ ਸ਼ੇਅਰਾਂ ਨਾਲ ਬਣੀ ਹੋਈ ਹੈ, ਇਸ ਨੂੰ ਸਰਕਾਰ ਜਾਂ ਪ੍ਰਸ਼ਾਸਨ ਕਿਸੇ ਕੀਮਤ 'ਤੇ ਇਸ ਦੀ ਮਾਲਕੀ ਬਦਲਣ ਦਾ ਕਾਨੂੰਨੀ ਹੱਕ ਨਹੀਂ ਰੱਖਦੇ | ਇਥੇ ਯਾਦ ਰੱਖਣ ਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਲੰਮੇ ਸਮੇਂ ਤੋਂ ਲਗਾਤਾਰ ਇਸ ਮਿੱਲ ਨੂੰ ਚਾਲੂ ਕਰਾਉਣ ਲਈ ਸੰਘਰਸ਼ੀਲ ਹਨ | ਪਿਛਲੇ ਦਿਨਾਂ ਵਿਚ ਕਿਸਾਨਾਂ ਨੂੰ ਮੋਰਚੇ ਵਿਚੋਂ ਜਬਰੀ ਚੁੱਕ ਲਿਆ ਗਿਆ ਸੀ ਅਤੇ ਜੇਲ੍ਹ ਭੇਜ ਦਿੱਤਾ ਗਿਆ ਸੀ | ਜਥੇਬੰਦਕ ਦਬਾਅ ਸਦਕਾ ਕਿਸਾਨ ਆਗੂਆਂ ਦੀ ਰਿਹਾਈ ਹੋਈ ਸੀ | ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸਖਤ ਚਿਤਾਵਨੀ ਹੈ ਕਿ ਉਹ ਛੇਤੀ ਤੋਂ ਛੇਤੀ ਇਥੇ ਹੋ ਰਹੀ ਨਾਜਾਇਜ਼ ਉਸਾਰੀ ਬੰਦ ਕਰੇ | ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਮਿੱਲ ਦੀ ਮਾਲਕੀ ਉੱਪਰ ਹੋਰ ਉਸਾਰੀ ਕਰਨ ਦੀ ਕੋਝੀ ਹਰਕਤ ਕੀਤੀ ਤਾਂ ਤਰਨ ਤਾਰਨ ਜ਼ਿਲ੍ਹੇ ਦੇ ਕਿਸਾਨ ਇਸ ਵਿਰੁੱਧ ਸਖਤ ਐਕਸ਼ਨ ਕਰਨਗੇ | ਮੀਟਿੰਗ ਵਿਚ ਪਿੰਡ ਨਿਵਾਸੀਆਂ ਨੇ ਭਰੋਸਾ ਦਿਵਾਇਆ ਕਿ ਜਿੰਨਾ ਚਿਰ ਵੀ ਪੱਕਾ ਮੋਰਚਾ ਚੱਲੇਗਾ, ਪਿੰਡ ਵਲੋਂ ਲੰਗਰ ਅਤੇ ਚਾਹ ਪਾਣੀ ਦੀ ਸੇਵਾ ਕਰਵਾਈ ਜਾਵੇਗੀ | ਇਸ ਮੌਕੇ ਇਕ ਗਿਆਰਾਂ ਮੈਂਬਰੀ ਸਹਿਕਾਰੀ ਖੰਡ ਮਿੱਲ ਬਚਾਓ ਮੋਰਚੇ ਦਾ ਗਠਨ ਕੀਤਾ ਗਿਆ | ਇਸ ਮੌਕੇ ਅਮਰੀਕ ਸਿੰਘ ਫੌਜੀ, ਬਲਦੇਵ ਸਿੰਘ, ਸੁਖਦੇਵ ਸਿੰਘ, ਸਕੱਤਰ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਅੰਗਰੇਜ ਸਿੰਘ, ਕਸ਼ਮੀਰ ਸਿੰਘ, ਸੁਰਮਖ ਸਿੰਘ, ਬਲਕਾਰ ਸਿੰਘ, ਜਸਬੀਰ ਸਿੰਘ ਆਦਿ ਕਿਸਾਨਾਂ ਨੇ ਭਾਗ ਲਿਆ ਅਤੇ ਸਰਬਸੰਮਤੀ ਨਾਲ ਸਕੱਤਰ ਸਿੰਘ ਨੂੰ ਪ੍ਰਧਾਨ ਅਤੇ ਅੰਗਰੇਜ਼ ਸਿੰਘ ਨੂੰ ਜਨਰਲ ਸਕੱਤਰ ਵਜੋਂ ਨਿਯੁਕਤ ਕੀਤਾ | ਸੇਰੋਂ ਪਿੰਡ ਦੇ ਮਿੱਲ ਹੇਠ ਆਈ ਜ਼ਮੀਨ ਦੇ ਮਾਲਕਾਂ ਵਲੋਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦਾ ਭਰੋਸਾ ਦਿਵਾਇਆ | ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 21 ਮਈ ਨੂੰ ਸਵੇਰੇ 11 ਵਜੇ ਗੁਰਦੁਆਰਾ ਬਾਬਾ ਸਿਧਾਣਾ ਸੇਰੋਂ ਵਿਖੇ ਵੱਡੀ ਗਿਣਤੀ ਵਿਚ ਪਹੁੰਚਣ, ਤਾਂ ਜੋ ਉਥੋਂ ਕਾਫ਼ਲੇ ਦੇ ਰੂਪ ਵਿਚ ਸਹਿਕਾਰੀ ਖੰਡ ਮਿੱਲ ਸੇਰੋਂ ਪੱਕਾ ਮੋਰਚਾ ਲਗਾਇਆ ਜਾ ਸਕੇ |