ਚੋਹਲਾ ਸਾਹਿਬ, 21 ਮਈ (ਬਲਵਿੰਦਰ ਸਿੰਘ)-ਇਥੋਂ ਥੋੜੀ ਦੂਰੀ ਤੇ ਸਥਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲਜੀਤ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕਾਹਲਵਾਂ ਦੇ ਵਿਦਿਆਰਥੀਆਂ ਵਲੋਂ ਇਕ ਵਾਰ ਫਿਰ ਤੋਂ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਉਂਦਿਆਂ ਅੰਤਰ ਸਕੂਲ ਮੁਕਾਬਲਿਆਂ ਵਿਚ ਜਿੱਤ ਦਾ ਝੰਡਾ ਬੁਲੰਦ ਕੀਤਾ ਹੈ | ਪਿ੍ੰਸੀਪਲ ਸੁਖਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਾਂ ਦੀ ਨੁੰਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਰਾਜਾ ਰਾਮ ਢੋਟੀਆਂ ਵਿਖੇ ਵੱਖ-ਵੱਖ ਗੁਰਮਤਿ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਕਵੀਸ਼ਰੀ ਗਾਇਨ, ਸੁੰਦਰ ਦਸਤਾਰ ਅਤੇ ਸੁੰਦਰ ਦੁਮਾਲਾ ਸਜਾਉਣ ਦੇ ਮੁਕਾਬਲੇ ਪ੍ਰਮੁੱਖ ਸਨ | ਉਪਰੋਕਤ ਮੁਕਾਬਲਿਆਂ ਵਿਚ ਇਲਾਕੇ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਦੇ ਤਕਰੀਬਨ ਦੋ ਸੌ ਵਿਦਿਆਰਥੀਆਂ ਨੇ ਭਾਗ ਲਿਆ | ਦੁਮਾਲਾ ਸਜਾਉਣ ਦੇ ਮੁਕਾਬਲੇ (ਸੀਨੀਅਰ ਗਰੁੱਪ) ਵਿਚ ਕਾਹਲਵਾਂ ਸਕੂਲ ਦੇ ਵਿਕਰਮਜੀਤ ਸਿੰਘ ਨੇ ਪਹਿਲਾ ਸਥਾਨ, ਮਹਿਤਾਬ ਸਿੰਘ ਨੇ ਦੂਸਰਾ ਸਥਾਨ ਅਤੇ ਗਗਨਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਉਪਰਲੇ ਤਿੰਨਾਂ ਸਥਾਨਾਂ 'ਤੇ ਕਬਜਾ ਕੀਤਾ | ਇਸੇ ਤਰ੍ਹਾਂ ਜੂਨੀਅਰ ਗਰੁੱਪ ਵਿਚ ਪਵਨਦੀਪ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ | ਸੁੰਦਰ ਦਸਤਾਰ ਮੁਕਾਬਲੇ (ਸੀਨੀਅਰ ਗਰੁੱਪ) ਵਿਚ ਬਿਕਰਮਜੀਤ ਸਿੰਘ ਨੇ ਦੂਸਰਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਤੇ ਜੂਨੀਅਰ ਗਰੁੱਪ ਵਿਚ ਗੁਰਲਾਲ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਗੁਰਨੂਰ ਸਿੰਘ ਨੂੰ ਵਿਸ਼ੇਸ਼ ਇਨਾਮ ਨਾਲ ਸਨਮਾਨਿਤ ਕੀਤਾ ਗਿਆ | ਕਵੀਸ਼ਰੀ ਗਾਇਨ ਮੁਕਾਬਲੇ ਵਿਚ ਸਕੂਲ ਦੇ ਜਥੇ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਨ੍ਹਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਚਾਰਕ ਅਤੇ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਖਸੀਅਤ ਭਾਈ ਸਰਬਜੀਤ ਸਿੰਘ ਢੋਟੀਆਂ ਅਤੇ ਸਤਨਾਮ ਸਿੰਘ ਢੋਟੀਆਂ, ਸੁਖਪਾਲ ਸਿੰਘ ਠੱਠਾ ਅਤੇ ਭਾਈ ਨਿਸ਼ਾਨ ਸਿੰਘ ਵਲੋਂ ਸਲਾਹੁਣਯੋਗ ਭੂਮਿਕਾ ਨਿਭਾਈ | ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਹਿੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਿੰਦਰ ਸਿੰਘ ਮਥਰੇਵਾਲ ਅਤੇ ਇਲਾਕੇ ਦੀ ਨਾਮਵਰ ਸ਼ਖ਼ਸੀਅਤ ਪਰਮਜੀਤ ਸਿੰਘ ਢੋਟੀਆਂ ਉਚੇਚੇ ਤੌਰ 'ਤੇ ਹਾਜ਼ਰ ਸਨ | ਸਕੂਲ ਪਹੁੰਚਣ 'ਤੇ ਜੇਤੂ ਵਿਦਿਆਰਥੀਆਂ ਦਾ ਪਿ੍ੰਸੀਪਲ ਸੁਖਜਿੰਦਰ ਸਿੰਘ ਗਿੱਲ, ਐੱਮ. ਡੀ. ਅਮਰਜੀਤ ਸਿੰਘ ਪੰਨੂ ਅਤੇ ਸਮੂਹ ਸਟਾਫ ਵੱਲੋਂ ਸਵਾਗਤ ਕੀਤਾ ਗਿਆ |