ਭਿੱਖੀਵਿੰਡ, 22 ਮਈ (ਬੌਬੀ)-ਨਗਰ ਪੰਚਾਇਤ ਭਿੱਖੀਵਿੰਡ ਦੀਆਂ ਹੋ ਰਹੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਨਗਰ ਪੰਚਾਇਤ ਭਿੱਖੀਵਿੰਡ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਢਿੱਲੋਂ ਦੇ ਹੱਕ ਵਿਚ ਪ੍ਰੋ. ਵਿਰਸਾ ਸਿੰਘ ਵਲਟੋਹਾ ਅਤੇ ਗੌਰਵਦੀਪ ਸਿੰਘ ਵਲਟੋਹਾ ਨੇ ਚੋਣ ਪ੍ਰਚਾਰ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰੋ. ਵਲਟੋਹਾ ਨੇ ਕਿਹਾ ਕਿ ਪ੍ਰਧਾਨ ਅਮਰਜੀਤ ਸਿੰਘ ਢਿੱਲੋਂ ਦੇ ਪ੍ਰਧਾਨ ਰਹਿੰਦਿਆਂ ਹੀ ਭਿੱਖੀਵਿੰਡ ਦਾ ਵਿਕਾਸ ਹੋਇਆ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੋਂ ਪਹਿਲਾਂ ਭਿੱਖੀਵਿੰਡ ਵਿਚ ਹਰ ਪਾਸੇ ਗੰਦਗੀ ਦੇ ਢੇਰ ਟੁੱਟੀਆਂ ਗਲੀਆਂ, ਗਲੀਆਂ ਵਿਚ ਪਾਣੀ ਖੜਾ ਰਹਿੰਦਾ ਸੀ | ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਬਾਅਦ ਹੋਈਆਂ ਨਗਰ ਪੰਚਾਇਤ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਜਿੱਤ ਤੋਂ ਬਾਅਦ ਅਮਰਜੀਤ ਸਿੰਘ ਢਿੱਲੋਂ ਪ੍ਰਧਾਨ ਬਣੇ ਤੇ ਭਿੱਖੀਵਿੰਡ ਦੀ ਹਰ ਗਲੀ ਨੂੰ ਇੰਟਰਲੌਕ ਟਾਇਲ ਲਗਾ ਕੇ ਸੀਵਰੇਜ ਸਿਸਟਮ ਪਾ ਕੇ ਬਣਾਇਆ ਗਿਆ ਤੇ ਭਿੱਖੀਵਿੰਡ ਦੀ ਦਿੱਖ ਬਦਲੀ ਗਈ, ਪਰ ਉਸ ਤੋਂ ਬਾਅਦ ਕਿਸੇ ਵੀ ਪਾਰਟੀ ਨੇ ਭਿੱਖੀਵਿੰਡ ਦੀ ਸਾਰ ਨਹੀਂ ਲਈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਭਿੱਖੀਵਿੰਡ ਨਗਰ ਪੰਚਾਇਤ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਇਆ ਜਾਵੇ, ਤਾਂ ਜੋ ਭਿੱਖੀਵਿੰਡ ਦੇ ਵਿਕਾਸ ਨੂੰ ਹੋਰ ਅੱਗੇ ਲਿਜਾਇਆ ਜਾ ਸਕੇ ਅਤੇ ਭਿੱਖੀਵਿੰਡ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾ ਸਕੇ | ਇਸ ਮੌਕੇ ਗੱਲਬਾਤ ਕਰਦਿਆਂ ਗੌਰਵਦੀਪ ਸਿੰਘ ਵਲਟੋਹਾ ਨੇ ਕਿਹਾ ਕਿ ਘਰ-ਘਰ ਅਤੇ ਵੱਖ-ਵੱਖ ਮੁਹੱਲਿਆਂ ਵਿਚ ਲੋਕਾਂ ਨੂੰ ਮਿਲਣ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਲੋਕ ਪੂਰੀ ਤਰ੍ਹਾਂ ਅਕਾਲੀ ਦਲ ਨੂੰ ਸਮਰਥਨ ਦੇ ਰਹੇ ਹਨ ਤੇ ਅਕਾਲੀ ਦਲ ਵੱਡੇ ਅੰਤਰ ਨਾਲ ਵਿਰੋਧੀ ਉਮੀਦਵਾਰਾਂ ਨੂੰ ਹਰਾਵੇਗਾ | ਇਸ ਮੌਕੇ ਉਨ੍ਹਾਂ ਨਾਲ ਹਰਪਾਲ ਸਿੰਘ ਸਾਬਕਾ ਸਰਪੰਚ ਫਰੰਦੀਪੁਰ, ਹਰਜੀਤ ਸਿੰਘ ਸਾਬਕਾ ਸਰਪੰਚ ਬਲੇਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |