ਭਿੱਖੀਵਿੰਡ, 22 ਮਈ (ਬੌਬੀ)-ਨਗਰ ਪੰਚਾਇਤ ਭਿੱਖੀਵਿੰਡ ਦੀਆਂ ਹੋ ਰਹੀਆਂ ਚੋਣਾਂ ਦੇ ਸੰਬੰਧ ਵਿਚ ਭਾਜਪਾ ਦੇ ਸੀਨੀਅਰ ਆਗੂ ਅਨੂਪ ਸਿੰਘ ਭੁੱਲਰ ਨੇ ਭਾਜਪਾ ਦੇ 12 ਵਾਰਡਾਂ ਵਿਚ ਖਲੋਤੇ ਵੱਖ-ਵੱਖ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਭਿੱਖੀਵਿੰਡ ਵਿਚ ਜੋ ਇਸ ਸਮੇਂ ਵੱਡੀ ਪੱਧਰ 'ਤੇ ਜਾਮ ਲੱਗਦੇ ਹਨ, ਇਨ੍ਹਾਂ ਦਾ ਹੱਲ ਨਗਰ ਪੰਚਾਇਤ ਭਿੱਖੀਵਿੰਡ ਨੇ ਹੀ ਕੱਢਣਾ ਹੈ, ਜਦ ਕਿ ਨਗਰ ਪੰਚਾਇਤ ਭਿੱਖੀਵਿੰਡ ਵਿਚ ਬੈਠੀ ਆਮ ਆਦਮੀ ਪਾਰਟੀ ਇਸ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਹੀ | ਲੋਕ ਖੱਜਲ ਹੋ ਰਹੇ ਹਨ ਤੇ ਗਰਮੀ ਦੇ ਮੌਸਮ ਵਿਚ ਨਿੱਕੇ-ਨਿੱਕੇ ਸਕੂਲੀ ਬੱਚੇ ਬੱਸਾਂ ਵਿਚ ਜਾਮ ਵਿਚ ਫਸ ਕੇ ਰਹਿ ਜਾਂਦੇ ਹਨ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਿਤਾਉਣ ਨਾਲ ਭਿੱਖੀਵਿੰਡ ਦੇ ਸਾਰੇ ਟਰੈਫਿਕ ਨੂੰ ਇਕ ਵਧੀਆ ਤਰੀਕੇ ਨਾਲ ਚਲਾਇਆ ਜਾਵੇਗਾ ਅਤੇ ਚੌਂਕ ਵਿਚ ਲਾਈਟਾਂ ਲਗਾ ਕੇ ਟਰੈਫਿਕ ਨੂੰ ਤਰਤੀਬ ਵਾਰ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਸਾਰੇ ਹੀ ਭਿੱਖੀਵਿੰਡ ਨਗਰ ਪੰਚਾਇਤ ਲਈ ਖੜ੍ਹੇ ਕੀਤੇੇ ਉਮੀਦਵਾਰ ਬਹੁਤ ਹੀ ਵਧੀਆ ਅਤੇ ਇਮਾਨਦਾਰ ਹਨ, ਜੋ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਲੱਗੇ ਰਹਿਣਗੇ | ਇਸ ਮੌਕੇ ਮੰਡਲ ਪ੍ਰਧਾਨ ਅਮਨ ਸ਼ਰਮਾ ਤੇ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ |