ਤਰਨ ਤਾਰਨ, 23 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਪਤੀ-ਪਤਨੀ ਨਾਲ ਕੁੱਟਮਾਰ ਕਰਦੇ ਹੋਏ ਉਨ੍ਹਾਂ ਨੂੰ ਗੰਭੀਰ ਸੱਟਾਂ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਤੋਂ ਇਲਾਵਾ 12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਭਿੱਖੀਵਿੰਡ ਵਿਖੇ ਲਖਵਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਕਲਸੀਆਂ ਕਲਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ 5 ਮਈ ਨੂੰ ਮੈਂ ਆਪਣੀ 26 ਮਰਲੇ ਜ਼ਮੀਨ 'ਚ ਟਰੈਕਟਰ ਨਾਲ ਜ਼ਮੀਨ ਵਹਾ ਰਿਹਾ ਸੀ ਤਾਂ ਉਸ ਸਮੇਂ ਨਿਰਵੈਲ ਸਿੰਘ ਪੁੱਤਰ ਗੁਰਵੇਲ ਸਿੰਘ, ਅੰਮਿ੍ਤ ਸਿੰਘ ਪੁੱਤਰ ਨਿਰਵੈਲ ਸਿੰਘ ਵਾਸੀਅਨ ਕਲਸੀਆਂ ਕਲਾਂ, ਨਿਰਵੈਲ ਸਿੰਘ ਪੁੱਤਰ ਗੁਰਵੇਲ ਸਿੰਘ ਦਾ ਭਣੇਵਾਂ ਵਾਸੀ ਗੁਲਾਲੀਪੁਰ ਅਤੇ 12 ਅਮਪਛਾਤੇ ਵਿਅਕਤੀ ਜਿੰਨ੍ਹਾਂ ਪਾਸ ਵੀ ਡਾਂਗਾ ਸੋਟੇ ਅਤੇ ਹੋਰ ਹਥਿਆਰ ਸਨ, ਨੇ ਮੇਰੀ ਜ਼ਮੀਨ 'ਚ ਆਏ ਅਤੇ ਆਉਂਦੇ ਹੀ ਲਲਕਾਰਾ ਮਾਰ ਕੇ ਕਿਹਾ ਕਿ ਫੜ ਲਉ | ਉਕਤ ਵਿਅਕਤੀ ਨੇ ਮੇਰੇ ਨਾਲ ਕੁੱਟਮਾਰ ਕੀਤੀ ਤੇ ਜਦੋਂ ਮੇਰੀ ਪਤਨੀ ਚਰਨਜੀਤ ਕੌਰ ਅਤੇ ਲੜਕੀ ਮਨਰੂਪ ਕੌਰ ਉਸਦੇ ਬਚਾਅ ਲਈ ਉਥੇ ਆ ਗਈਆਂ ਅਤੇ ਅੰਮਿ੍ਤ ਸਿੰਘ ਨੇ ਆਪਣੇ ਦਸਤੀ ਕਸੀਏ ਦਾ ਪੁੱਠਾ ਵਾਰ ਮੇਰੀ ਪਤਨੀ ਚਰਨਜੀਤ ਕੌਰ 'ਤੇ ਕੀਤਾ ਜੋ ਉਸੇ ਸਿਰ ਦੇ ਸੱਜੇ ਪਾਸੇ ਪੁੜਪੁੜੀ ਦੇ ਲਾਗੇ ਲੱਗਾ | ਉਕਤ ਵਿਅਕਤੀਆਂ ਵਲੋੋਂ ਮੇਰੀ ਪਤਨੀ ਚਰਨਜੀਤ ਕੌਰ ਨਾਲ ਬਦਸਲੂਕੀ ਕੀਤੀ ਗਈ | ਮੇਰੇ ਤੇ ਮੇਰੇ ਪਰਿਵਾਰ ਵਲੋਂ ਮਾਰ ਦਿੱਤਾ ਮਾਰ ਦਿੱਤਾ ਦਾ ਰੌਲਾ ਪਾਉਣ ਕਰਕੇ ਤੇ ਲੋਕ ਇਕੱਠੇ ਹੁੰਦੇ ਦੇਖ ਕੇ ਇਹ ਸਾਰੇ ਵਿਅਕਤੀ ਆਪਣੇ ਆਪਣੇ ਹਥਿਆਰਾਂ ਸਮੇਤ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਚਲੇ ਗਏ | ਵਜ਼ਾ ਰੰਜਿਸ਼ ਇਹ ਹੈ ਕਿ ਮੈਂੇ ਆਪਣੀ 26 ਮਰਲੇ ਜਗਾ ਨਿਰਵੈਲ ਸਿੰਘ ਉਰਫ ਗੁਰਵੇਲ ਸਿੰਘ ਜੋ ਕਿ ਮੇਰੇ ਚਾਚੇ ਦਾ ਲੜਕਾ ਹੈ, ਉਸ ਨੂੰ ਪਿਛਲੇ ਸਾਲ ਹਿੱਸੇ 'ਤੇ ਦਿੱਤੀ ਸੀ ਅਤੇ ਜਦੋ ਮੈਂ ਆਪਣੀ 26 ਮਰਲੇ ਜ਼ਮੀਨ ਵਹਾ ਰਿਹਾ ਸੀ ਤਾਂ ਇਨ੍ਹਾਂ ਵਲੋਂ ਮੈੈਨੂੰ ਅਤੇ ਮੇਰੀ ਪਤਨੀ ਚਰਨਜੀਤ ਕੌਰ ਨੂੰ ਬਿਨਾ ਵਜਾ ਹੀ ਸੱਟਾਂ ਮਾਰ ਕੇ ਜ਼ਖਮੀ ਕੀਤਾ ਹੈ | ਜਾਂਚ ਅਧਿਕਾਰੀ ਏ. ਐੱਸ. ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |