ਗੱਗੋਮਾਹਲ, 24 ਮਈ (ਬਲਵਿੰਦਰ ਸਿੰਘ ਸੰਧੂ)-ਨਗਰ ਕੌਂਸਲ ਚੋਣਾ ਦੌਰਾਨ ਟੱਪਰੀ ਵਾਸ ਕਬੀਲੇ ਦੇ ਲੋਕਾਂ ਦਾ ਦਰਦ ਛਲਕਿਆ | ਪੱਤਰਕਾਰਾਂ ਸਾਹਮਣੇ ਆਪਣੇ ਗੁਰਬਤ ਭਰੇ ਜੀਵਨ ਨੂੰ ਲੈ ਕੇ ਅੱਖਾਂ ਭਰ ਭੋਲੇ ਕਬੀਲੇ ਦੇ ਮੁਖੀ ਬਿੱਟੂ ਨੇ ਕਿਹਾ ਕਿ ਪਿਛਲੇ 60-65 ਸਾਲ ਤੋਂ ਕੁੱਲੀਆਂ ਵਿਚ ਰਹਿ ਕੇ ਸਾਡੀਆਂ ਪੀੜ੍ਹੀਆਂ ਜੀਵਨ ਬਸਰ ਕਰ ਰਹੀਆਂ ਹਨ | ਵੋਟਾਂ ਦੇ ਦਿਨਾਂ ਵਿਚ ਨੇਤਾ ਲੋਕ ਕਈ ਤਰ੍ਹਾਂ ਦੇ ਲੁਭਾਵਣੇ ਲਾਰੇ ਲਗਾ ਕੇ ਵੋਟਾਂ ਬਟੋਰ ਲੈਂਦੇ ਹਨ ਪਿੱਛੋਂ ਸਾਡੀ ਕੋਈ ਵਾਤ ਨਹੀਂ ਪੁੱਛਦਾ | ਸਾਡੇ ਪਰਿਵਾਰਾਂ ਦੇ ਕਰੀਬ 300 ਮੈਂਬਰ ਝੁੱਗੀਆਂ ਝੌਪੜੀਆਂ ਵਿਚ ਜ਼ਿੰਦਗੀ ਦੇ ਦਿਨ ਕੱਟ ਰਹੇ ਹਨ | ਜਦੋਂ ਕਦੇ ਬਰਸਾਤ ਹੁੰਦੀ ਹੈ ਤਾਂ ਨੀਵੀਂ ਥਾਂ ਹੋਣ ਕਾਰਨ ਝੌਂਪੜੀਆਂ ਪਾਣੀ ਨਾਲ ਭਰ ਜਾਂਦੀਆਂ ਹਨ ਜਿਨ੍ਹਾਂ ਵਿਚ ਰਹਿਣਾ ਸੌਖਾ ਨਹੀਂ | ਇਸ ਕਰਕੇ ਅਸੀਂ ਆਪਣੇ ਬੱਚਿਆਂ ਨਾਲ ਸੜਕਾਂ 'ਤੇ ਡੇਰਾ ਲਗਾ ਕੇ ਦਿਨ ਕੱਟੀ ਕਰਦੇ ਹਾਂ | ਕਬੀਲੇ ਵਾਲੇ ਲੋਕਾਂ ਦੇ ਕੰਮ ਕਾਰ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਦਿਹਾੜੀਆਂ ਕਰਨੀਆਂ, ਬੋਤਲਾਂ ਇਕੱਠੀਆਂ ਕਰਨੀਆਂ ਤੇ ਨਗਰ ਕੌਂਸਲ ਦੇ ਅਧੀਨ ਕੂੜਾ ਚੁੱਕ ਕੇ ਬੱਚਿਆਂ ਦਾ ਪੇਟ ਪਾਲ ਰਹੇ ਹਾਂ | ਬਿੱਟੂ ਨੇ ਦੱਸਿਆ ਕਿ ਸਾਡੀਆਂ ਕਰੀਬ 45 ਵੋਟਾਂ ਬਣੀਆਂ ਹੋਈਆਂ ਹਨ ਤੇ ਕੁਝ ਬਣਨ ਵਾਲੀਆਂ ਹਨ | ਹੜ੍ਹਾਂ ਦੇ ਦਿਨਾਂ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਾਣੀ ਸਾਡਾ ਸਭ ਕੁਝ ਰੋੜ ਕੇ ਲੈ ਗਿਆ ਤੇ ਅਸੀਂ ਨੇੜੇ ਦੀਆਂ ਦੁਕਾਨਾਂ ਉੱਪਰ ਚੜ ਕੇ ਆਪਣੀ ਤੇ ਬੱਚਿਆਂ ਦੀ ਜਾਨ ਬਚਾਈ | ਜੇਕਰ ਸਮੇਂ ਦੀਆਂ ਸਰਕਾਰਾਂ ਨੇ ਘਰਾਂ ਲਈ ਸਾਨੂੰ ਵੀ ਥੋੜ੍ਹੀ ਜਗ੍ਹਾ ਦਿੱਤੀ ਹੁੰਦੀ ਤਾਂ ਅਸੀਂ ਆਪਣਾ ਸਾਮਾਨ ਬਚਾਅ ਲੈਂਦੇ | ਬੱਚਿਆਂ ਦੀ ਸਿੱਖਿਆ ਬਾਰੇ ਗੱਲ ਕਰਦਿਆਂ ਬਿੱਟੂ ਨੇ ਕਿਹਾ ਕਿ ਅਧਾਰ ਕਾਰਡ, ਵੋਟਰ ਕਾਰਡ, ਬੱਚਿਆਂ ਦੇ ਜਨਮ ਸਰਟੀਫਿਕੇਟ ਸਭ ਕੁਝ ਹੜ੍ਹ ਵਿਚ ਰੁੜ੍ਹ ਗਿਆ ਜਿਸ ਕਰਕੇ ਬੱਚਿਆਂ ਨੂੰ ਕੋਈ ਵੀ ਸਕੂਲ ਸਿੱਖਿਆ ਲਈ ਦਾਖਲਾ ਨਹੀਂ ਦਿੰਦਾ ਤੇ ਹੁਣ ਬੱਚੇ ਵੀ ਸਾਡੀ ਤਰ੍ਹਾਂ ਰੂੜੀਆਂ ਤੋਂ ਕਚਰਾ ਚੁੱਕ ਰਹੇ ਹਨ | ਉਨ੍ਹਾਂ ਸਮੇਂ ਦੇ ਹਾਕਮਾਂ ਨੂੰ ਅਪੀਲ ਕੀਤੀ ਕਿ ਸਾਡੀਆਂ ਵੋਟਾਂ ਨਾਲ ਸੂਬੇ, ਦੇਸ਼ 'ਤੇ ਰਾਜ ਕਰਨ ਵਾਲਿਆਂ ਨੂੰ ਚਾਹੀਦਾ ਹੈ ਕਿ ਡਿਜੀਟਲ ਭਾਰਤ ਦੱਸਣ ਵਾਲੇ ਕਦੀ ਸਾਡੀਆਂ ਕੱਖਾਂ ਦੀਆਂ ਕੁੱਲੀਆਂ ਵਿਚ ਰਾਤਾਂ ਗੁਜਾਰ ਕੇ ਵੇਖਣ ਜਿੱਥੇ ਰਾਤ ਨੂੰ ਮੱਛਰ ਸੌਣ ਨਹੀਂ ਦਿੰਦਾ ਤੇ ਜ਼ਹਿਰੀਲੇ ਜਾਨਵਰਾਂ ਦਾ ਡਰ ਰਾਤ ਭਰ ਅੱਖਾਂ ਵਿਚ ਨੀਂਦ ਨਹੀਂ ਪੈਣ ਦਿੰਦਾ | ਸਾਡੇ ਦਰਦ ਨੂੰ ਪਹਿਚਾਣਦਿਆਂ ਸਮੇਂ ਦੀਆਂ ਸਰਕਾਰਾਂ ਸਾਨੂੰ ਵੀ ਰੈਣ ਬਸੇਰੇ ਮੁਹੱਈਆ ਕਰਵਾ ਕੇ ਸੁੱਖ ਦੀ ਜ਼ਿੰਦਗੀ ਜਿਉਣ ਦਾ ਮੌਕਾ ਦੇਣ | ਭਰ ਗਰਮੀ ਵਿਚ ਦਰੱਖਤਾਂ ਹੇਠ ਬੈਠੇ ਕਬੀਲੇ ਦੇ ਬੱਚੇ, ਔਰਤਾਂ ਤੇ ਆਪਣੀ ਦੁੱਖ ਭਰੀ ਵਿਥਿਆ ਦੱਸਦਾ ਕਬੀਲੇ ਦਾ ਮੁਖੀ | ਤਸਵੀਰ : ਸੰਧੂ