ਤਰਨ ਤਾਰਨ, 25 (ਹਰਿੰਦਰ ਸਿੰਘ)-ਸਥਾਨਿਕ ਅੰਮਿ੍ਤਸਰ ਰੋਡ ਤਰਨ ਤਾਰਨ ਵਿਖੇ ਐੱਚ. ਪੀ. ਪੈਟਰੋਲ ਪੰਪ ਦੇ ਕਰਿੰਦੇ ਉਪਰ ਚਾਰ ਅਣਪਛਾਤੇ ਵਿਅਕਤੀਆਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਸੱਟਾਂ ਮਾਰ ਦਿੱਤੀਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ | ਜਾਣਕਾਰੀ ਦਿੰਦੇ ਹੋਏ ਐੱਚ. ਪੀ. ਪੈਟਰੋਲ ਪੰਪ 'ਤੇ ਕੰਮ ਕਰਦੇ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਪੈਟਰੋਲ ਪੰਪ ਉਪਰ ਵਾਹਨਾਂ ਵਿਚ ਪੈਟਰੋਲ ਪਾ ਰਿਹਾ ਸੀ ਤਾਂ ਉਸ ਸਮੇਂ ਇਕ ਨੌਜਵਾਨ ਐਕਟਿਵਾ 'ਤੇ ਸਵਾਰ ਹੋ ਕੇ ਆਇਆ ਅਤੇ ਕਹਿਣ ਲੱਗਾ ਕਿ 90 ਰੁਪਏ ਦਾ ਤੇਲ ਐਕਟਿਵਾ ਵਿਚ ਪਾ ਦਿਓ | ਜਦੋਂ ਉਸ ਵਲੋਂ 90 ਰੁਪਏ ਦਾ ਐਕਟਿਵਾ ਵਿਚ ਤੇਲ ਪਾ ਦਿੱਤਾ ਗਿਆ ਅਤੇ ਪੈਸੇ ਮੰਗੇ ਗਏ ਤਾਂ ਉਸ ਨੌਜਵਾਨ ਨੇ ਕਿਹਾ ਕਿ ਉਸ ਪਾਸ ਪੈਸੇ ਨਹੀਂ ਹਨ ਤਾਂ ਉਸ ਨੇ ਕਿਹਾ ਕਿ ਤੂੰ ਆਪਣੀ ਐਕਟਿਵਾ ਇੱਥੇ ਲਗਾ ਦੇ ਅਤੇ ਪੈਸੇ ਲੈ ਕੇ ਪਰ ਉਹ ਨੌਜਵਾਨ ਉਸ ਨਾਲ ਝਗੜਾ ਕਰਨ ਲੱਗ ਪਿਆ ਅਤੇ ਮੌਕੇ ਤੋਂ ਚਲਾ ਗਿਆ | ਕੁੱਝ ਦੇਰ ਬਾਅਦ ਉਹ ਨੌਜਵਾਨ ਆਪਣੇ ਨਾਲ ਤਿੰਨ ਹੋਰ ਅਣਪਛਾਤੇ ਨੌਜਵਾਨਾਂ ਨੂੰ ਨਾਲ ਲੈ ਕੇ ਜਿਨ੍ਹਾਂ ਪਾਸ ਤੇਜਧਾਰ ਹਥਿਆਰ ਸਨ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਕਿਰਪਾਨ ਦੇ ਵਾਰ ਉਸ ਉਪਰ ਕੀਤੇ, ਜਿਸ ਨਾਲ ਉਸਦਾ ਹੱਥ ਅਤੇ ਸਿਰ 'ਤੇ ਗੰਭੀਰ ਸੱਟਾਂ ਲੱਗ ਗਈਆਂ | ਹਮਲਾਵਰ ਕਰਕੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ | ਜਸਪਾਲ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਤਰਨ ਤਾਰਨ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਪਰ ਹਾਲੇ ਤੱਕ ਪੁਲਿਸ ਵਲੋਂ ਹਮਲਾਵਰਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਐੱਸ. ਐੱਸ. ਪੀ. ਤਰਨ ਤਾਰਨ ਪਾਸੋਂ ਮੰਗ ਕੀਤੀ ਕਿ ਹਮਲਾਵਰਾਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ |