ਗੋਇੰਦਵਾਲ ਸਾਹਿਬ, 25 ਮਈ (ਸਕੱਤਰ ਸਿੰਘ ਅਟਵਾਲ)-ਅਮਰਪੁਰੀ ਸੀਨੀ. ਸੈਕੰ ਪਬਲਿਕ ਸਕੂਲ ਗੋਇੰਦਵਾਲ ਸਾਹਿਬ ਦੇ ਕਿ੍ਕਟ ਅਕੈਡਮੀ ਦੇ ਖਿਡਾਰੀਆਂ ਦਾ ਮੁਕਾਬਲਾ ਮਹਾਰਾਜਾ ਰਣਜੀਤ ਸਿੰਘ ਤਰਨ ਤਾਰਨ ਦੇ ਖਿਡਾਰੀਆਂ ਨਾਲ ਕਰਵਾਇਆ ਗਿਆ | ਇਸ ਕਿ੍ਕਟ ਮੈਚ ਵਿਚ ਅਮਰਪੁਰੀ ਅਕੈਡਮੀ ਦੇ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਮੈਚ ਦੀ ਸ਼ੁਰੂਆਤ ਤੋਂ ਹੀ ਖਿਡਾਰੀਆਂ ਨੇ ਦਮਦਾਰ ਖੇਡ ਦਿਖਾਈ ਅਤੇ ਵਿਰੋਧੀ ਟੀਮ ਉੱਤੇ ਦਬਾਅ ਬਣਾਈ ਰੱਖਿਆ | ਖੇਡੇ ਗਏ 25 ਓਵਰਾਂ ਦੇ ਕਿ੍ਕਟ ਮੈਚ ਵਿਚ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ 21 ਓਵਰਾਂ ਵਿਚ ਹੀ 175 ਦੌੜਾਂ ਦਾ ਟੀਚਾ ਹਾਸਲ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ | ਟੀਮ ਦੇ ਖਿਡਾਰੀਆਂ ਨੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫਿਲਡਿੰਗ ਤਿੰਨਾਂ ਵਿਭਾਗਾਂ ਵਿਚ ਕਮਾਲ ਦਾ ਪ੍ਰਦਰਸ਼ਨ ਕੀਤਾ | ਗੁਰਸਾਜਨ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 73 ਦੌੜਾਂ ਬਣਾਈਆਂ ਤੇ ਟੀਮ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ | ਉਨ੍ਹਾਂ ਦੀ ਸ਼ਾਨਦਾਰ ਪਾਰੀ ਲਈ ਉਨ੍ਹਾਂ ਨੂੰ 'ਮੈਨ ਆਫ਼ ਦ ਮੈਚ' ਚੁਣਿਆ ਗਿਆ | ਇਸ ਤੋਂ ਇਲਾਵਾ ਕਬੀਰ ਨੇ ਵੀ 47 ਦੌੜਾਂ ਦੀ ਵਧੀਆ ਪਾਰੀ ਖੇਡੀ | ਗੇਂਦਬਾਜ਼ੀ ਵਿਚ ਅਭਿਜੋਤ ਨੇ ਇਕ ਮਹੱਤਵਪੂਰਨ ਵਿਕਟ ਹਾਸਲ ਕੀਤੀ, ਜੋ ਕਿ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ | ਇਸ ਦੇ ਨਾਲ ਹੀ ਟੀਮ ਦੀ ਫਿਲਡਿੰਗ ਵੀ ਬਹੁਤ ਸ਼ਾਨਦਾਰ ਰਹੀ | ਜਿੱਤ ਤੋਂ ਬਾਅਦ ਖਿਡਾਰੀਆਂ ਵਿਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ | ਕੋਚ ਨੇ ਖਿਡਾਰੀਆਂ ਦੀ ਮਿਹਨਤ, ਟੀਮ ਵਰਕ ਅਤੇ ਜਜ਼ਬੇ ਦੀ ਭਰਪੂਰ ਪ੍ਰਸ਼ੰਸਾ ਕੀਤੀ | ਇਹ ਸਭ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਖਦੀਪ ਸਿੰਘ ਬਾਵਾ, ਪਿ੍ੰਸੀਪਲ ਹਰਨਰਿੰਦਰਦੀਪ ਕੌਰ, ਟੀਮ ਦੇ ਕੋਚ ਰਾਜ ਕੁਮਾਰ ਤੇ ਸੰਤੋਖ ਸਿੰਘ ਤੇ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਹੈ |