ਤਰਨ ਤਾਰਨ, 2 ਜੂਨ (ਹਰਿੰਦਰ ਸਿੰਘ)-ਲੜਕੀ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਘਰ ਵਿਚੋਂ ਕਰੀਬ ਡੇਢ ਲੱਖ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਜਾਣ ਦੇ ਮਾਮਲੇ ਵਿਚ ਥਾਣਾ ਵਲਟੋਹਾ ਦੀ ਪੁਲਿਸ ਨੇ ਲੜਕੀ ਸਮੇਤ 2 ਹੋਰਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਵਲਟੋਹਾ ਵਿਖੇ ਝਿਰਮਲ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਆਸਲ ਉਤਾੜ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਆਪਣੇ ਘਰ ਵੱਡੀ ਲੜਕੀ ਸੁਮਨਪ੍ਰੀਤ ਕੌਰ ਦਾ ਵਿਆਹ ਰੱਖਿਆ ਹੋਇਆ ਸੀ ਕਿ 30 ਮਈ ਦੀ ਰਾਤ ਨੂੰ ਉਸਨੇ ਉੱਠ ਵੇਖਿਆ ਕਿ ਉਸਦੀ ਅਲਮਾਰੀ ਖੁੱਲੀ ਪਈ ਸੀ ਅਤੇ ਸਮਾਨ ਖਿਲਰਿਆ ਹੋਇਆ ਸੀ, ਜਿਸ ਵਿਚੋੋਂ ਇਕ ਜੋੜਾ ਕਾਂਟੇ, ਇਕ ਕੜਾ ਸੋਨਾ, 5 ਮੁੰਦਰੀਆਂ ਅਤੇ ਕਰੀਬ 1 ਲੱਖ 50 ਹਜ਼ਾਰ ਰੁਪਏ ਨਕਦੀ ਗਾਇਬ ਸੀ | ਜਦ ਮੈੈਂ ਪੜਤਾਲ ਕੀਤੀ ਕਿ ਮੇਰੀ ਲੜਕੀ ਸੁਮਨਪ੍ਰੀਤ ਕੌਰ ਵੀ ਗਾਇਬ ਸੀ, ਜੋ ਹੁਣ ਮੈਨੂੰ ਪਤਾ ਲੱਗਾ ਹੈ ਕਿ ਮੇਰਾ ਸਾਰਾ ਸਮਾਨ ਮੇਰੀ ਲੜਕੀ ਸੁਮਨਪ੍ਰੀਤ ਕੌਰ ਅਤੇ ਦਿਲਬਾਗ ਸਿੰਘ ਪੁੱਤਰ ਬਲਦੇਵ ਸਿੰਘ, ਰਾਜੂ ਪੁੱਤਰ ਬਲਦੇਵ ਸਿੰਘ ਵਾਸੀਆਨ ਆਸਲ ਉਤਾੜ ਅਤੇ 1 ਅਣਪਛਾਤੇ ਨੇ ਮਿਲ ਕੇ ਇਹ ਚੋਰੀ ਕੀਤੀ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |