ਤਰਨ ਤਾਰਨ, 2 ਜੂਨ (ਹਰਿੰਦਰ ਸਿੰਘ)-ਅਕਸਰ ਸੁਰਖੀਆਂ 'ਚ ਬਣੀ ਰਹਿਣ ਵਾਲੀ ਕੇਂਦਰੀ ਜੇਲ੍ਹ ਗੋਇੰਦਵਾਲ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਈ ਹੈ | ਜੇਲ੍ਹ ਦੀ ਚੈਕਿੰਗ ਦੌਰਾਨ ਮੋਬਾਈਲ ਫ਼ੋਨ ਤੇ ਪਾਬੰਦੀਸ਼ਉਦਾ ਸਮਾਨ ਬਰਾਮਦ ਹੋਣ ਦੇ ਮਾਮਲੇ ਵਿਚ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵੰਤ ਸਿੰਘ ਨੇ ਲਿਖਤੀ ਸ਼ਿਕਾਇਤ ਕੀਤੀ ਕਿ 21 ਮਈ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ 11 ਕੀਪੈਡ ਫ਼ੋਨ, 3 ਟੱਚ ਮੋਬਾਈਲ ਫ਼ੋਨ, 109 ਪੁੜੀਆਂ ਤੰਬਾਕੂ, 385 ਬੰਡਲ ਬੀੜੀਆਂ, 14 ਪੁੜੀਆਂ ਕੁਲਲਿਪਾ, 32 ਡੱਬੀਆਂ ਸਿਗਰਟ ਲਵਾਰਿਸ ਹਾਲਤ ਵਿਚ ਬਰਾਮਦ ਹੋਈਆਂ ਹਨ | ਥਾਣਾ ਗੋਇੰਦਵਾਲ ਦੇ ਐੱਸ.ਆਈ. ਅਮਰਜੀਤ ਕੌਰ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ, ਕਿ ਜੇਲ੍ਹ ਵਿਚ ਇਹ ਸਮਾਨ ਕਿਸ ਤਰ੍ਹਾਂ ਪਹੁੰਚਿਆ |