ਤਰਨ ਤਾਰਨ, 2 ਜੂਨ (ਇਕਬਾਲ ਸਿੰਘ ਸੋਢੀ)-ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 1 ਅਕਤੂਬਰ 2026 ਦੇ ਅਧਾਰ 'ਤੇ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐੱਸ.ਆਈ.ਆਰ.) ਦਾ ਸੋਧਿਆ ਸ਼ਡਿਊਲ ਜਾਰੀ ਕੀਤਾ ਗਿਆ ਹੈ | ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਹੁਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਨਵੇਂ ਸੋਧੇ ਗਏ ਸ਼ਡਿਊਲ ਅਨੁਸਾਰ ਹੁਣ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਪਹਿਲਾਂ ਨਿਰਧਾਰਿਤ ਮਿਤੀ 31 ਜੁਲਾਈ 2026 ਦੀ ਬਜਾਏ ਹੁਣ 3 ਅਗਸਤ 2026 ਕੀਤੀ ਜਾਵੇਗੀ | ਇਸੇ ਤਰ੍ਹਾਂ ਵੋਟਰ ਸੂਚੀ ਸਬੰਧੀ ਦਾਅਵੇ ਤੇ ਇਤਰਾਜ਼ ਦਰਜ਼ ਕਰਵਾਉਣ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ, ਜਿਸ ਤਹਿਤ ਹੁਣ ਨਾਗਰਿਕ 3 ਅਗਸਤ 2026 ਤੋਂ 2 ਸਤੰਬਰ 2026 ਤੱਕ ਆਪਣੇ ਦਾਅਵੇ ਅਤੇ ਇਤਰਾਜ਼ ਪੇਸ਼ ਕਰ ਸਕਣਗੇ | ਉਨ੍ਹਾਂ ਅੱਗੇ ਦੱਸਿਆ ਕਿ ਪ੍ਰਾਪਤ ਹੋਏ ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਅਤੇ 'ਨੋਟਿਸ ਫੇਜ਼' ਦੀ ਪ੍ਰਕਿਰਿਆ ਹੁਣ 3 ਅਗਸਤ 2026 ਤੋਂ 28 ਸਤੰਬਰ 2026 ਤੱਕ ਮੁਕੰਮਲ ਕੀਤੀ ਜਾਵੇਗੀ | ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸੁਧਾਈ ਮੁਹਿੰਮ ਦੀਆਂ ਬਾਕੀ ਰਹਿੰਦੀਆਂ ਸਾਰੀਆਂ ਗਤੀਵਿਧੀਆਂ ਦਾ ਸ਼ਡਿਊਲ ਪਹਿਲਾਂ ਵਾਲਾ ਹੀ ਰਹੇਗਾ, ਉਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ 25 ਜੂਨ 2026 ਤੋਂ 24 ਜੁਲਾਈ 2026 ਤੱਕ ਬੀ.ਐਲ.ਓਜ਼ ਘਰ-ਘਰ ਜਾ ਕੇ ਫਾਰਮ ਭਰਵਾਉਣਗੇ | ਸ੍ਰੀ ਰਾਹੁਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਐੱਸ.ਆਈ.ਆਰ. ਅਧੀਨ ਫਾਰਮ ਭਰਨਾ ਪਵੇਗਾ | ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਜਲਦ ਤੋਂ ਜਲਦ ਇਸ ਸਬੰਧੀ ਆਪਣੇ ਬੀ.ਐਲ.ਏ ਨਿਯੁਕਤ ਕਰਨ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ 15 ਜੂਨ ਤੋਂ 19 ਜੂਨ ਤੱਕ ਬੀ.ਐੱਲ.ਓਜ਼ ਲਈ ਇਕ ਟ੍ਰੇਨਿੰਗ ਪ੍ਰੋਗਰਾਮ ਉਲੀਕਿਆ ਗਿਆ ਹੈ | ਉਨ੍ਹਾਂ ਸਮੂਹ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੀ.ਐਲ.ਏਜ਼ ਦੀ ਇਸ ਟ੍ਰੇਨਿੰਗ ਪ੍ਰੋਗਰਾਮ ਵਿਚ ਸ਼ਮੂਲੀਅਤ ਯਕੀਨੀ ਬਣਾਉਣ | ਇਸ ਮੌਕੇ ਤਹਿਸੀਲਦਾਰ ਚੋਣਾਂ ਇੰਦਰਜੀਤ ਸਿੰਘ, ਚੋਣ ਕਾਨੂੰਗੋ ਦਿਲਬਾਗ ਸਿੰਘ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ, ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਤੋਂ ਕੁਲਦੀਪ ਸਿੰਘ, ਕਾਂਗਰਸ ਤੋਂ ਲਖਵਿੰਦਰ ਸਿੰਘ ਤੇ ਬਰਕਤ ਸਿੰਘ ਵੋਹਰਾ, ਆਮ ਆਦਮੀ ਪਾਰਟੀ ਤੋਂ ਮਨਦੀਪ ਸਿੰਘ ਗਿੱਲ ਤੇ ਮਨਜੀਤ ਸਿੰਘ ਰੰਧਾਵਾ ਅਤੇ ਭਾਜਪਾ ਤੋਂ ਵਿਵੇਕ ਅਗਰਵਾਲ ਸ਼ਾਮਿਲ ਸਨ |