ਤਰਨ ਤਾਰਨ, 11 ਜੂਨ (ਹਰਿੰਦਰ ਸਿੰਘ)-ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਤਰਨ ਤਾਰਨ ਦਾ ਵਫ਼ਦ ਨਵ ਨਿਯੁਕਤ ਸਿਵਲ ਸਰਜਨ ਭਾਰਤੀ ਧਵਨ ਨੂੰ ਮਿਲਿਆ | ਵਫ਼ਦ ਵਲੋਂ ਸਿਵਲ ਸਰਜਨ ਨੂੰ ਕੈਮਿਸਟਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸਬੰਧ ਵਿਚ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਚਾਰਜ ਸੰਭਾਲਣ 'ਤੇ ਜੀ ਆਇਆਂ ਆਖਿਆ ਗਿਆ | ਇਸ ਮੌਕੇ ਸਿਵਲ ਸਰਜਨ ਭਾਰਤੀ ਧਵਨ ਨੇ ਕੈਮਿਸਟਾਂ ਨੂੰ ਹਦਾਇਤ ਦਿੱਤੀ ਕਿ ਕੁਝ ਕੈਮਿਸਟ ਐਮ.ਟੀ.ਪੀ. ਕਿੱਟਾਂ ਦੀ ਦੁਰਵਰਤੋਂ ਕਰ ਰਹੇ ਹਨ, ਜਿਸ ਨਾਲ ਮਨੁੱਖੀ ਜੀਵਨ ਦੇ ਉੱਤੇ ਬੁਰਾ ਪ੍ਰਭਾਵ ਪੈ ਰਿਹਾ ਹੈ, ਇਸ ਲਈ ਉਨ੍ਹਾਂ ਨੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਯੂਨੀਅਨ ਰਾਹੀਂ ਸਾਰੇ ਕੈਮਿਸਟਾਂ ਨੂੰ ਹਦਾਇਤ ਦੇਣ ਜੇਕਰ ਕੋਈ ਕੈਮਿਸਟ ਭਰਾ ਐਮ.ਟੀ.ਪੀ. ਕਿੱਟ ਵੇਚਦਾ ਪਾਇਆ ਗਿਆ ਤਾਂ ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਅਤੇ ਕੋਈ ਕਿਸੇ ਕਿਸਮ ਦਾ ਲਿਹਾਜ਼ ਨਹੀਂ ਹੋਵੇਗਾ | ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਬਿਮਲ ਅਗਰਵਾਲ ਨੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਯੂਨੀਅਨ ਦਾ ਕੋਈ ਵੀ ਬੰਦਾ ਐਮ.ਟੀ.ਪੀ. ਕਿੱਟ ਦੀ ਸੇਲ ਨਹੀਂ ਕਰੇਗਾ ਅਤੇ ਬਿਨਾਂ ਡਾਕਟਰ ਦੀ ਪਰਚੀ ਤੋਂ ਬਗੈਰ ਦਵਾਈ ਨਹੀਂ ਵੇਚੀ ਜਾਵੇਗੀ | ਇਸ ਮੌਕੇ ਤਰਨ ਤਰਨ ਦੇ ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ ਕਲਸੀ ਨੇ ਵਿਸ਼ੇਸ਼ ਤੌਰ 'ਤੇ ਕੈਮਿਸਟਾਂ ਨੂੰ ਹਦਾਇਤ ਦਿੱਤੀ ਕਿ ਕੈਮਿਸਟ ਦਵਾਈਆਂ ਦਾ ਰੱਖ ਰਖਾਵ ਅਤੇ ਖਰੀਦ ਅਤੇ ਵਿਕਰੀ ਡਰੱਗ ਐਕਟ ਦੇ ਅਨੁਸਾਰ ਹੀ ਕਰਨ ਅਤੇ ਕੋਈ ਵੀ ਡਰੱਗ ਐਕਟ ਦੀ ਉਲੰਘਣਾ ਨਾ ਕਰੇ | ਕੈਮਿਸਟ ਐਸੋਸੀਏਸ਼ਨ ਨੇ ਵਿਸ਼ਵਾਸ ਦਵਾਇਆ ਉਨ੍ਹਾਂ ਦੇ ਮੈਂਬਰ ਸਰਕਾਰ ਦੇ ਨਾਲ ਹਰ ਸਮੇਂ ਪੂਰਨ ਸਹਿਯੋਗ ਕਰਨਗੇ | ਇਸ ਮੌਕੇ ਪ੍ਰਧਾਨ ਬਿਮਲ ਅਗਰਵਾਲ, ਮੁਨੀਸ਼ ਅਰੋੜਾ ਜ਼ਿਲ੍ਹਾ ਜਰਨਲ ਸਕੱਤਰ, ਨਰਿੰਦਰ ਪੁਰੀ ਚੇਅਰਮੈਨ, ਸੰਜੇ ਗੁਪਤਾ ਸ਼ਹਿਰੀ ਪ੍ਰਧਾਨ, ਜਤਿੰਦਰਜੀਤ ਸਿੰਘ ਜਰਨਲ ਸਕੱਤਰ, ਬੀਰੂ ਰਾਮ ਐਗਜੈਕਟਿਵ ਮੈਂਬਰ, ਰੋਹਿਤ ਭਾਰਦਵਾਜ, ਗੋਪਾਲ ਕਿ੍ਸ਼ਨ ਮੈਣੀ ਅਤੇ ਸਲਵੰਤ ਸਿੰਘ ਸੰਤ ਸੀਨੀਅਰ ਮੀਤ ਪ੍ਰਧਾਨ ਆਦਿ ਵੀ ਮੌਜੂਦ ਸਨ |