ਤਰਨ ਤਾਰਨ, 14 ਜੂਨ (ਇਕਬਾਲ ਸਿੰਘ ਸੋਢੀ)- ਕੰਪਿਊਟਰ ਟੀਚਰ ਯੂਨੀਅਨ ਵਲੋਂ ਗੁਰਵਿੰਦਰ ਸਿੰਘ ਤਰਨ ਤਾਰਨ ਦੀ ਪ੍ਰਧਾਨਗੀ ਹੇਠ ਯੂਨੀਅਨ ਦਾ ਇਕ ਵਫਦ ਹਰਭਜਨ ਸਿੰਘ ਈ.ਟੀ.ਓ. ਕੈਬਨਿਟ ਮੰਤਰੀ ਪੰਜਾਬ ਨੂੰ ਮਿਲਿਆ, ਜਿਸ ਵਿਚ ਗੁਰਵਿੰਦਰ ਸਿੰਘ ਤਰਨ ਤਾਰਨ ਨੇ ਰੋਸ ਪੱਤਰ ਦਿੰਦਿਆਂ ਹੋਇਆ ਦੱਸਿਆ ਕਿ ਮੌਜੂਦਾ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਨਾਗਰਿਕਾਂ ਦੇ ਵਿਕਾਸ ਲਈ ਬਹੁਤ ਇਤਿਹਾਸਕ ਫੈਸਲੇ ਕੀਤੇ ਗਏ ਹਨ ਅਤੇ ਹਰੇਕ ਵਰਗ ਦੀ ਭਲਾਈ ਲਈ ਯਤਨ ਕੀਤੇ ਹਨ, ਪਰ 6640 ਕੰਪਿਊਟਰ ਅਧਿਆਪਕ, ਜੋ ਕਿ ਸਿੱਖਿਆ ਵਿਭਾਗ ਦੀ ‘ਰੀੜ ਦੀ ਹੱਡੀ’ ਕਹੇ ਜਾਂਦੇ ਹਨ, ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ, ਚੋਣ ਮੈਨੀਫੈਸਟੋ ਵਿਚ ਦਿੱਤੀ ਲਿਖਤੀ ਗਾਰੰਟੀ, ‘ਆਪ’ ਸੁਪਰੀਮੋ ਵਲੋਂ ਜਥੇਬੰਦੀ ਦੇ ਆਗੂਆਂ ਨਾਲ ਚੋਣਾਂ ਤੋਂ ਪਹਿਲਾਂ ਮੀਟਿੰਗ ਵਿਚ ਕੀਤਾ ਵਾਅਦਾ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ 15 ਸਤੰਬਰ 2022 ਦਾ ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਪੇਜ ’ਤੇ ਕੀਤਾ ਅਧਿਕਾਰਤ ਐਲਾਨ ਕਿ ‘ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ ਮੌਕੇ ਛੇਵਾਂ ਪੇ ਕਮਿਸ਼ਨ ਤੇ ਪੰਜਾਬ ਸਿਵਲ ਸਰਵਿਸ ਨਿਯਮ ਪੂਰੀ ਤਰ੍ਹਾਂ ਲਾਗੂ ਕੀਤੇ ਜਾਣਗੇ’ । ਅੱਜ ਪੰਜਾਬ ਸਰਕਾਰ ਦੇ 4 ਸਾਲ 4 ਮਹੀਨੇ ਪੂਰੇ ਹੋਣ ’ਤੇ ਵੀ ਇਹ ਵਾਅਦਾ ਅਧੂਰਾ ਹੈ, ਜਿਸ ਦਾ ਸਮੂਹ ਕੰਪਿਊਟਰ ਅਧਿਆਪਕਾਂ ਵਿਚ ਭਾਰੀ ਰੋਸ ਹੈ। ਸਰਕਾਰ ਬਣਨ ਤੋਂ ਪਹਿਲਾਂ 6640 ਕੰਪਿਊਟਰ ਅਧਿਆਪਕਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਪ੍ਰਤੀ ਬਹੁਤ ਉਤਸ਼ਾਹ ਸੀ, ਪਰ ਅੱਜ ਸਮੂਹ ਕੰਪਿਊਟਰ ਅਧਿਆਪਕ ਪੰਜਾਬ ਸਰਕਾਰ ਦੀ ਕੰਪਿਊਟਰ ਅਧਿਆਪਕਾਂ ਪ੍ਰਤੀ ਬੇਰੁਖੀ ਤੇ ਅਫਸਰਸ਼ਾਹੀ ਦੇ ਅੜੀਅਲ ਰਵੱਈਏ ਖਿਲਾਫ ਰੋਸ ਪ੍ਰਗਟ ਕਰਦੇ ਹਨ ਅਤੇ ਮੌਜੂਦਾ ਸਰਕਾਰ ਦੇ ਸਮੂਹ ਕੈਬਨਿਟ ਮੰਤਰੀਆਂ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਰੋਸ ਪੱਤਰ ਭੇਜ ਰਹੇ ਹਨ। ਅਸੀਂ ਸਮੂਹ ਕੰਪਿਊਟਰ ਅਧਿਆਪਕ ਆਪ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੇਨਤੀ ਨੂੰ ਕਰਦੇ ਹਾਂ ਕਿ ਸਾਡੀ 21 ਸਾਲ ਦੀ ਸੇਵਾ ਨੂੰ ਜੋ ਕਿ ਅਸੀਂ ਇਸ ਸਿੱਖਿਆ ਵਿਭਾਗ ਨੂੰ ਪੂਰੀ ਤਰ੍ਹਾਂ ਡਿਜੀਟਲ ਕਰਨ, ਹਰ ਤਰ੍ਹਾਂ ਦੀ ਡਿਊਟੀ ਨਿਭਾਉਣ ’ਤੇ ਇਸ ਦਾ ਪੱਧਰ ਉੱਚਾ ਚੁੱਕਣ ਵਿੱਚ ਲਗਾ ਦਿੱਤੀ ਹੈ, ਇਸ ਨੂੰ ਵਿਚਾਰਦੇ ਹੋਏ, ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਅਨੁਸਾਰ, 15 ਸਤੰਬਰ ਦੇ ਆਪ ਦੇ ਸਿੱਖਿਆ ਮੰਤਰੀ ਦੇ ਅਧਿਕਾਰਤ ਬਿਆਨ ਨੂੰ ਮੁੱਖ ਰੱਖਦੇ ਅਤੇ ਸਾਡੇ ਲਿਖਤੀ ਰੈਗੂਲਰ ਨੋਟੀਫਿਕੇਸ਼ਨ ਅਤੇ ਰੈਗੂਲਰ ਨਿਯੁਕਤੀ ਪੱਤਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੇ ਨਾਲ ਪੂਰਨ ਇਨਸਾਫ਼ ਕਰੋਗੇ ਅਤੇ ਸਾਡੇ ਨਾਲ ਸੁਸਾਇਟੀ ਦੇ ਨਾਂਅ ’ਤੇ 21 ਸਾਲਾਂ ਤੋਂ ਹੋ ਰਹੀ ਬੇਇਨਸਾਫੀ ਨੂੰ ਖਤਮ ਕਰਦੇ ਹੋਏ ਸਾਨੂੰ ਪੂਰੇ ਲਾਭਾਂ ਸਮੇਤ ਸਿੱਖਿਆ ਵਿਭਾਗ ਵਿਚ ਮਰਜ ਕਰੋਗੇ। ਮੰਤਰੀ ਈ.ਟੀ.ਓ. ਨੇ ਮੌਕੇ ’ਤੇ ਮੰਗ ਪੱਤਰ ਆਪਣੇ ਦਫ਼ਤਰ ਦਾ ਨੰਬਰ ਲਗਾ ਕੇ ਮੁੱਖ ਮੰਤਰੀ ਭੇਜ ਦਿੱਤਾ ਤੇ ਜਲਦ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਕੰਪਿਊਟਰ ਅਧਿਆਪਕਾਂ ਦੇ ਮਸਲੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਗਗਨਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਹਰਚੰਦ ਸਿੰਘ, ਪਰਮਜੀਤ ਸਿੰਘ, ਅਮਨਪ੍ਰੀਤ ਸਿੰਘ, ਪਰਵਿੰਦਰ ਸਿੰਘ, ਪਰਮਿੰਦਰ ਸਿੰਘ, ਜਸਪ੍ਰੀਤ ਸਿੰਘ, ਜਸਪਾਲ ਸਿੰਘ, ਮਨਦੀਪ ਸਿੰਘ, ਰਜਿੰਦਰ ਸਹੋਤਾ, ਸੂਰਜਦੀਪ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ ਢਿੱਲੋਂ, ਹਰਜੋਤ ਸਿੰਘ, ਜੈਪਾਲ ਸਿੰਘ, ਹਰਜਿੰਦਰ ਸਿੰਘ, ਇੰਦਰਪ੍ਰੀਤ ਕੌਰ ਤੇ ਹਰਪ੍ਰੀਤ ਕੌਰ ਸ਼ਾਮਲ ਸਨ ।
ਕੰਪਿਊਟਰ ਟੀਚਰ ਯੂਨੀਅਨ ਵਲੋਂ ਕੈਬਨਿਟ ਮੰਤਰੀ ਈ. ਟੀ. ਓ. ਨੂੰ ਦਿੱਤਾ ਮੰਗ ਪੱਤਰ
ਅਜੀਤ ਡੈਸਕ
15-06-2026